- ਪੰਜਾਬ
- No Comment
ਗੁਰਦਾਸਪੁਰ ਰੈਲੀ : ਭਗਵੰਤ ਮਾਨ ਤਾਂ ਕੇਜਰੀਵਾਲ ਦਾ ਪਾਇਲਟ ਹੈ : ਅਮਿਤ ਸ਼ਾਹ

ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਮੋਦੀ ਸਰਕਾਰ ਨੇ ਬੇਮਿਸਾਲ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਜਾਣਿਆ ਜਾਂਦਾ ਹੈ।
ਅਮਿਤ ਸ਼ਾਹ ਨੇ ਪਿੱਛਲੇ ਦਿਨੀ ਗੁਰਦਾਸਪੁਰ ‘ਚ ਜ਼ੋਰਦਾਰ ਰੈਲੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਆਪ’ ਸਰਕਾਰ ਅਤੇ ਸੀਐੱਮ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ। ਅਮਿਤ ਸ਼ਾਹ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ‘ਚ ਕਦੇ ਵੀ ਆਮ ਆਦਮੀ ਪਾਰਟੀ ਵਾਂਗ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਨਹੀਂ ਦੇਖੀ। ਸ਼ਾਹ ਨੇ ਕਿਹਾ ਕਿ ਇੱਥੇ ਮੁੱਖ ਮੰਤਰੀ ਹੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਦੌਰਾ ਕਰਵਾਉਂਦੇ ਹਨ।
ਮੁੱਖ ਮੰਤਰੀ ਦਾ ਸਾਰਾ ਸਮਾਂ ਕੇਜਰੀਵਾਲ ਦੇ ਦੌਰੇ ‘ਤੇ ਹੀ ਲੱਗ ਜਾਂਦਾ ਹੈ, ਜਿਸ ਕਾਰਨ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਪਰ ਮੁੱਖ ਮੰਤਰੀ ਕੋਲ ਪੰਜਾਬ ਲਈ ਸਮਾਂ ਨਹੀਂ ਹੈ। ਮੁੱਖ ਮੰਤਰੀ ਨੂੰ ਸਵਾਲ ਪੁੱਛਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਹਰ ਯੋਗ ਔਰਤ ਨੂੰ ਦਿੱਤੇ ਜਾਣ ਵਾਲੇ 1000 ਰੁਪਏ, ਨਵ-ਵਿਆਹੀਆਂ ਲੜਕੀਆਂ ਦੀ ਸ਼ਗਨ ਸਕੀਮ ਕਿੱਥੇ ਹੈ। ਅਮਿਤ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਦੇ ਪ੍ਰਚਾਰ ਲਈ ਪੰਜਾਬ ਦੇ ਪੈਸੇ ਨਾਲ ਵੱਖ-ਵੱਖ ਰਾਜਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਪਹਿਲ ਹੈ। ਇਸ ਦੇ ਲਈ ਅੰਮ੍ਰਿਤਸਰ ਵਿੱਚ ਐਨਸੀਬੀ ਦਾ ਦਫ਼ਤਰ ਖੋਲ੍ਹਿਆ ਜਾਵੇਗਾ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਆਪਣੇ ਭਾਸ਼ਣਾਂ ਰਾਹੀਂ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਵਿਦੇਸ਼ਾਂ ‘ਚ ਭਾਰਤ ਦਾ ਮਾਣ ਵਧਾਇਆ ਹੈ। ਮੋਦੀ ਨੇ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਕੰਮ ਕੀਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪੀਐਮ ਹੁਣੇ G7 ਸਿਖਰ ਸੰਮੇਲਨ ਵਿਚ ਗਏ ਸਨ। ਕੋਈ ਪੀਐਮ ਦੇ ਆਟੋਗ੍ਰਾਫ ਮੰਗਦਾ ਹੈ, ਕੋਈ ਉਨ੍ਹਾਂ ਦਾ ਸਮਾਂ ਮੰਗਦਾ ਹੈ, ਕੋਈ ਉਨ੍ਹਾਂ ਦੇ ਪੈਰ ਛੂਹ ਲੈਂਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਗਰੀਬ ਕਲਿਆਣ ਯੋਜਨਾ ਦੇ ਤਹਿਤ ਕਰੋੜਾਂ ਲੋਕਾਂ ਨੂੰ ਉਮੀਦ ਭਰੀ ਜ਼ਿੰਦਗੀ ਦੇਣ ਦਾ ਕੰਮ ਕੀਤਾ ਹੈ। ਗਰੀਬਾਂ ਨੂੰ ਘਰ ਮਿਲੇ, ਘਰਾਂ ਵਿੱਚ ਪਖਾਨੇ, ਘਰਾਂ ਵਿੱਚ ਬਿਜਲੀ, ਟੂਟੀਆਂ ਤੋਂ ਪਾਣੀ, ਪੰਜ ਲੱਖ ਤੱਕ ਦੀਆਂ ਦਵਾਈਆਂ ਨਰਿੰਦਰ ਮੋਦੀ ਸਰਕਾਰ ਨੇ ਦਿੱਤੀਆਂ ਹਨ। ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਮੋਦੀ ਸਰਕਾਰ ਨੇ ਬੇਮਿਸਾਲ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਜਾਣਿਆ ਜਾਂਦਾ ਹੈ।