ਪੁਣੇ ‘ਚ ਇਕ ਮੰਚ ‘ਤੇ ਆਏ PM ਮੋਦੀ ਅਤੇ ਸ਼ਰਦ ਪਵਾਰ, ਲੋਕਮਾਨਿਆ ਤਿਲਕ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ ਪੀਐੱਮ ਮੋਦੀ

ਪੁਣੇ ‘ਚ ਇਕ ਮੰਚ ‘ਤੇ ਆਏ PM ਮੋਦੀ ਅਤੇ ਸ਼ਰਦ ਪਵਾਰ, ਲੋਕਮਾਨਿਆ ਤਿਲਕ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ ਪੀਐੱਮ ਮੋਦੀ

ਇਸ ਮੌਕੇ ‘ਤੇ ਪੀਐਮ ਨੇ ਕਿਹਾ ਕਿ ਲੋਕਮਾਨਿਆ ਤਿਲਕ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਮੱਥੇ ‘ਤੇ ਤਿਲਕ ਹਨ। ਉਨ੍ਹਾਂ ਦੀ ਭੂਮਿਕਾ, ਦੇਸ਼ ਦੀ ਆਜ਼ਾਦੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕੁਝ ਘਟਨਾਵਾਂ ਅਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੁਣੇ ਦੇ ਦੌਰੇ ‘ਤੇ ਹਨ। ਉਹ ਸਵੇਰੇ 11 ਵਜੇ ਇੱਥੇ ਪੁੱਜੇ ਅਤੇ ਸਭ ਤੋਂ ਪਹਿਲਾਂ ਦਗਦੂਸ਼ੇਠ ਹਲਵਾਈ ਮੰਦਰ ਗਏ ਅਤੇ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਉਹ ਐਸ.ਪੀ.ਕਾਲਜ ਦੇ ਮੈਦਾਨ ਵਿੱਚ ਪਹੁੰਚੇ ਜਿੱਥੇ ਤਿਲਕ ਸਮਾਰਕ ਮੰਦਰ ਟਰੱਸਟ ਵੱਲੋਂ ਉਨ੍ਹਾਂ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਐਨਸੀਪੀ ਮੁਖੀ ਸ਼ਰਦ ਪਵਾਰ ਵੀ ਮੌਜੂਦ ਸਨ। ਮੰਚ ‘ਤੇ ਪੀਐਮ ਮੋਦੀ ਦੇ ਇਕ ਪਾਸੇ ਸ਼ਰਦ ਪਵਾਰ ਬੈਠੇ ਨਜ਼ਰ ਆ ਰਹੇ ਸਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਬੈਠੇ ਨਜ਼ਰ ਆ ਰਹੇ ਸਨ। ਪੀਐਮ ਨੇ ਕਿਹਾ, ‘ਅੱਜ ਮੈਂ ਦਗਦੂਸ਼ੇਠ ਮੰਦਰ ਵਿੱਚ ਪੂਜਾ ਕੀਤੀ। ਦਗਦੂਸ਼ੇਠ ਪਹਿਲਾ ਵਿਅਕਤੀ ਸੀ ਜੋ ਤਿਲਕ ਦੇ ਸੱਦੇ ‘ਤੇ ਗਣੇਸ਼ ਦੀ ਮੂਰਤੀ ਦੀ ਸਥਾਪਨਾ ਵਿਚ ਸ਼ਾਮਲ ਹੋਇਆ ਸੀ। ਇਹ ਸਨਮਾਨ ਅਭੁੱਲ ਹੈ।

ਨਰਿੰਦਰ ਮੋਦੀ ਨੇ ਕਿਹਾ ਕਿ ਲੋਕਮਾਨਿਆ ਤਿਲਕ ਸਨਮਾਨ ਇੱਕ ਅਜਿਹੀ ਸੰਸਥਾ ਤੋਂ ਪਾਉਣਾ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ, ਜੋ ਸਿੱਧੇ ਤੌਰ ‘ਤੇ ਤਿਲਕ ਜੀ ਨਾਲ ਜੁੜੀ ਹੋਈ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਪੁਰਸਕਾਰ ਦੇ ਨਾਲ ਮੈਨੂੰ ਜੋ ਰਾਸ਼ੀ ਦਿੱਤੀ ਗਈ ਹੈ, ਉਹ ਮੈਂ ਗੰਗਾ ਜੀ ਨੂੰ ਸਮਰਪਿਤ ਕਰ ਰਿਹਾ ਹਾਂ। ਇਸ ਨੂੰ ਨਮਾਮੀ ਗੰਗੇ ਪ੍ਰੋਜੈਕਟ ਲਈ ਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ‘ਤੇ ਪੀਐਮ ਨੇ ਕਿਹਾ ਕਿ ਲੋਕਮਾਨਿਆ ਤਿਲਕ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਮੱਥੇ ‘ਤੇ ਤਿਲਕ ਹਨ। ਉਨ੍ਹਾਂ ਦੀ ਭੂਮਿਕਾ, ਦੇਸ਼ ਦੀ ਆਜ਼ਾਦੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕੁਝ ਘਟਨਾਵਾਂ ਅਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਇਹ ਪੁਰਸਕਾਰ 140 ਕਰੋੜ ਦੇਸ਼ਵਾਸੀਆਂ ਨੂੰ ਸਮਰਪਿਤ ਕਰਦਾ ਹਾਂ। ਸ਼ਰਦ ਪਵਾਰ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਮੰਚ ਸਾਂਝਾ ਕਰਨਾ ਵਿਰੋਧੀ ਗਠਜੋੜ I.N.D.I.A. ਦੇ ਨੇਤਾਵਾਂ ਨਾਲ ਚੰਗਾ ਨਹੀਂ ਲਗ ਰਿਹਾ ਹੈ। ਕਾਂਗਰਸ ਨੇਤਾਵਾਂ ਨੂੰ ਖਾਸ ਤੌਰ ‘ਤੇ ਚਿੰਤਾ ਹੈ ਕਿ ਮੁੰਬਈ ‘ਚ ਹੋਣ ਵਾਲੀ ਵਿਰੋਧੀ ਧਿਰ ਦੀ ਬੈਠਕ ਤੋਂ ਪਹਿਲਾਂ ਸ਼ਰਦ ਪਵਾਰ ਦਾ ਮੋਦੀ ਨਾਲ ਮਿਲਣਾ ਗਲਤ ਸੰਦੇਸ਼ ਜਾਵੇਗਾ। ਵਿਰੋਧੀ ਧਿਰ ਨੂੰ ਇਹ ਵੀ ਸ਼ੱਕ ਹੈ ਕਿ ਭਾਜਪਾ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ ਤਾਂ ਜੋ ਵਿਰੋਧੀ ਧਿਰ ਵੰਡੀ ਨਜ਼ਰ ਆਵੇ।