ਪ੍ਰਿਅੰਕਾ ਗਾਂਧੀ ਕਰ ਸਕਦੀ ਹੈ ਪੀਐੱਮ ਮੋਦੀ ਦਾ ਜ਼ੋਰਦਾਰ ਮੁਕਾਬਲਾ, ਵਾਰਾਣਸੀ ਦੇ ਲੋਕ ਪ੍ਰਿਅੰਕਾ ਨੂੰ ਬਹੁਤ ਪਸੰਦ ਕਰਦੇ ਹਨ : ਸੰਜੇ ਰਾਉਤ

ਪ੍ਰਿਅੰਕਾ ਗਾਂਧੀ ਕਰ ਸਕਦੀ ਹੈ ਪੀਐੱਮ ਮੋਦੀ ਦਾ ਜ਼ੋਰਦਾਰ ਮੁਕਾਬਲਾ, ਵਾਰਾਣਸੀ ਦੇ ਲੋਕ ਪ੍ਰਿਅੰਕਾ ਨੂੰ ਬਹੁਤ ਪਸੰਦ ਕਰਦੇ ਹਨ : ਸੰਜੇ ਰਾਉਤ

ਕਾਂਗਰਸ ਪਾਰਟੀ ਦੇ ਦਿੱਗਜ ਆਗੂ ਹਰੀਸ਼ ਰਾਵਤ ਨੇ ਕਿਹਾ ਕਿ ਕਰੋੜਾਂ ਲੋਕ ਪ੍ਰਿਅੰਕਾ ਨੂੰ ਲੋਕ ਸਭਾ ‘ਚ ਦੇਖਣਾ ਚਾਹੁੰਦੇ ਹਨ। ਉਨ੍ਹਾਂ ਵਿੱਚ ਜਿੱਤਣ ਅਤੇ ਜਿੱਤਵਾਉਣ ਦੀ ਅਪਾਰ ਸਮਰੱਥਾ ਹੈ।


2024 ਲੋਕਸਭਾ ਚੋਣਾਂ ਨੂੰ ਲੈ ਕੇ ਹੁਣ ਦੇਸ਼ ਵਿਚ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਸ਼ਿਵ ਸੈਨਾ (ਊਧਵ ਧੜੇ) ਦੇ ਨੇਤਾ ਸੰਜੇ ਰਾਉਤ ਨੇ ਦਾਅਵਾ ਕੀਤਾ ਹੈ ਕਿ ਜੇਕਰ ਪ੍ਰਿਅੰਕਾ ਗਾਂਧੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵਾਰਾਣਸੀ ਸੀਟ ਤੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਚੋਣ ਲੜਦੀ ਹੈ ਤਾਂ ਉਹ ਯਕੀਨੀ ਤੌਰ ‘ਤੇ ਜਿੱਤੇਗੀ। ਵਾਰਾਣਸੀ ਦੇ ਲੋਕ ਪ੍ਰਿਅੰਕਾ ਗਾਂਧੀ ਨੂੰ ਚਾਹੁੰਦੇ ਹਨ।

ਸੰਜੇ ਰਾਉਤ ਨੇ ਕਿਹਾ, “ਭਾਰਤ ਵਿੱਚ ਸਿਆਸੀ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਕਾਂਗਰਸ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਜੇਕਰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਰਾਣਸੀ ਲੋਕ ਸਭਾ ਹਲਕੇ ਤੋਂ ਚੋਣ ਲੜਦੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਲਈ ਚੋਣ ਜਿੱਤਣਾ ਮੁਸ਼ਕਲ ਹੋ ਜਾਵੇਗਾ ਅਤੇ ਪ੍ਰਿਅੰਕਾ ਉਨ੍ਹਾਂ ਨੂੰ ਪਛਾੜ ਸਕਦੀ ਹੈ।

ਸੰਜੇ ਰਾਉਤ ਨੇ ਇਹ ਵੀ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਾਰਾਣਸੀ ਤੋਂ ਇਲਾਵਾ ਰਾਏਬਰੇਲੀ ਅਤੇ ਅਮੇਠੀ ਸੀਟਾਂ ਜਿੱਤਣਾ ਭਾਜਪਾ ਲਈ ਬਹੁਤ ਮੁਸ਼ਕਲ ਹੈ। ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਤੋਂ ਲਗਾਤਾਰ ਦੋ ਵਾਰ ਜਿੱਤਦੇ ਆ ਰਹੇ ਹਨ। ਇਸ ਵਾਰ ਵੀ ਉਹ ਇੱਥੋਂ ਚੋਣ ਲੜਨਗੇ। ਰਾਏਬਰੇਲੀ ਅਤੇ ਅਮੇਠੀ ਨੂੰ ਕਾਂਗਰਸ ਦੀਆਂ ਰਵਾਇਤੀ ਸੀਟਾਂ ਮੰਨਿਆ ਜਾਂਦਾ ਹੈ। ਸਾਲ 1999 ‘ਚ ਸੋਨੀਆ ਗਾਂਧੀ ਪਹਿਲੀ ਵਾਰ ਇੱਥੋਂ ਸੰਸਦ ਮੈਂਬਰ ਬਣੀ ਸੀ। ਉਦੋਂ ਤੋਂ ਉਸ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਅਮੇਠੀ ਸੀਟ ‘ਤੇ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਪਰ 2019 ਦੀਆਂ ਲੋਕ ਸਭਾ ਚੋਣਾਂ ‘ਚ ਸਮ੍ਰਿਤੀ ਇਰਾਨੀ ਨੇ ਉਨ੍ਹਾਂ ਨੂੰ 50 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਪਹਿਲੀ ਵਾਰ ਲੋਕ ਸਭਾ ‘ਚ ਪਹੁੰਚੀ ਸੀ।

ਇਸ ਦੇ ਨਾਲ ਹੀ ਸ਼ਰਦ ਪਵਾਰ ਅਤੇ ਅਜੀਤ ਪਵਾਰ ਦੀ ਗੁਪਤ ਮੁਲਾਕਾਤ ‘ਤੇ ਰਾਉਤ ਨੇ ਕਿਹਾ- ਜੇਕਰ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਮਿਲ ਸਕਦੇ ਹਨ ਤਾਂ ਸ਼ਰਦ ਅਤੇ ਅਜੀਤ ਦੀ ਮੁਲਾਕਾਤ ਕਿਉਂ ਨਹੀਂ ਹੋ ਸਕਦੀ? ਐਤਵਾਰ ਨੂੰ NCP ਮੁਖੀ ਸ਼ਰਦ ਪਵਾਰ ਨੇ ਭਤੀਜੇ ਅਜੀਤ ਪਵਾਰ ਨੂੰ ਗੁਪਤ ਮੀਟਿੰਗ ‘ਤੇ ਕਿਹਾ- ਭਤੀਜੇ ਨਾਲ ਮਿਲਣ ‘ਚ ਕੀ ਦਿੱਕਤ ਹੈ? ਅਸੀਂ ਕਿਸੇ ਹੋਰ ਦੀ ਰਿਹਾਇਸ਼ ‘ਤੇ ਮਿਲੇ ਸੀ। ਫਿਰ ਇਹ ਮੁਲਾਕਾਤ ਗੁਪਤ ਕਿਵੇਂ ਹੋ ਸਕਦੀ ਹੈ? ਪਵਾਰ ਨੇ ਕਿਹਾ ਕਿ ਕੁਝ ਸ਼ੁਭਚਿੰਤਕ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਾਡੀ ਪਾਰਟੀ ਕਦੇ ਵੀ ਭਾਜਪਾ ਨਾਲ ਨਹੀਂ ਜਾਵੇਗੀ। ਭਾਜਪਾ ਨਾਲ ਕੋਈ ਵੀ ਸਾਂਝ ਐਨਸੀਪੀ ਦੀ ਨੀਤੀ ਵਿੱਚ ਫਿੱਟ ਨਹੀਂ ਬੈਠਦੀ।

ਕਾਂਗਰਸ ਪਾਰਟੀ ਦੇ ਦਿੱਗਜ ਆਗੂ ਹਰੀਸ਼ ਰਾਵਤ ਨੇ ਕਿਹਾ ਕਿ ਕਰੋੜਾਂ ਲੋਕ ਪ੍ਰਿਅੰਕਾ ਨੂੰ ਲੋਕ ਸਭਾ ‘ਚ ਦੇਖਣਾ ਚਾਹੁੰਦੇ ਹਨ। ਉਨ੍ਹਾਂ ਵਿੱਚ ਜਿੱਤਣ ਅਤੇ ਜਿੱਤਵਾਉਣ ਦੀ ਅਪਾਰ ਸਮਰੱਥਾ ਹੈ, ਪਰ ਉਨ੍ਹਾਂ ਨੂੰ ਆਪ ਫੈਸਲਾ ਕਰਨਾ ਹੈ। ਉਹ ਪਾਰਟੀ ਲੀਡਰਸ਼ਿਪ ਦਾ ਹਿੱਸਾ ਹੈ। ਸਾਡੇ ਵਰਕਰਾਂ ਦੀਆਂ ਉਮੀਦਾਂ ਉਨ੍ਹਾਂ ਨਾਲ ਜੁੜੀਆਂ ਹੋਈਆਂ ਹਨ।