ਅਜੀਤ ਅਗਰਕਰ ਬਣੇ ਟੀਮ ਇੰਡੀਆ ਦੇ ਮੁੱਖ ਚੋਣਕਾਰ, ਵਿਸ਼ਵ ਕੱਪ 2023 ਲਈ ਟੀਮ ਦੀ ਚੋਣ ਕਰਨ ਦੀ ਹੋਵੇਗੀ ਜ਼ਿੰਮੇਵਾਰੀ

ਅਜੀਤ ਅਗਰਕਰ ਬਣੇ ਟੀਮ ਇੰਡੀਆ ਦੇ ਮੁੱਖ ਚੋਣਕਾਰ, ਵਿਸ਼ਵ ਕੱਪ 2023 ਲਈ ਟੀਮ ਦੀ ਚੋਣ ਕਰਨ ਦੀ ਹੋਵੇਗੀ ਜ਼ਿੰਮੇਵਾਰੀ

ਦਿੱਲੀ ਕੈਪੀਟਲਜ਼ ਦੇ ਸਹਾਇਕ ਕੋਚ ਅਤੇ ਕੁਮੈਂਟੇਟਰ ਅਗਰਕਰ ਮੁੱਖ ਚੋਣਕਾਰ ਦੇ ਸਾਲਾਨਾ ਪੈਕੇਜ ਤੋਂ ਵੱਧ ਕਮਾਈ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਬੀਸੀਸੀਆਈ ਨੂੰ ਮੌਜੂਦਾ ਤਨਖਾਹ ਸਕੇਲ ਦੀ ਸਮੀਖਿਆ ਕਰਨੀ ਪਵੇਗੀ।


ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਭਾਰਤੀ ਕ੍ਰਿਕਟ ‘ਚ ਇਕ ਅਹਿਮ ਜ਼ਿੰਮੇਵਾਰੀ ਮਿਲ ਗਈ ਹੈ। ਅਗਰਕਰ ਨੂੰ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਚੋਣਕਾਰ ਨਿਯੁਕਤ ਕੀਤਾ ਗਿਆ ਹੈ। ਉਹ ਚੇਤਨ ਸ਼ਰਮਾ ਦੀ ਜਗ੍ਹਾ ਇਹ ਜ਼ਿੰਮੇਵਾਰੀ ਸੰਭਾਲਣਗੇ। ਅਜੀਤ ਅਗਰਕਰ ਨੂੰ ਮੁੱਖ ਚੋਣਕਾਰ ਬਣਾਏ ਜਾਣ ਦੀਆਂ ਅਟਕਲਾਂ ਲੰਬੇ ਸਮੇਂ ਤੋਂ ਲਾਈਆਂ ਜਾ ਰਹੀਆਂ ਸਨ ਅਤੇ ਹੁਣ ਇਸਦੀ ਪੁਸ਼ਟੀ ਹੋ ​​ਗਈ ਹੈ।

ਭਾਰਤੀ ਕ੍ਰਿਕਟ ਚੋਣ ਕਮੇਟੀ ਦੇ ਸਾਬਕਾ ਚੇਅਰਮੈਨ ਚੇਤਨ ਸ਼ਰਮਾ ਨੇ ਸਟਿੰਗ ਆਪ੍ਰੇਸ਼ਨ ‘ਚ ਫਸਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ। ਹੁਣ ਅਜੀਤ ਅਗਰਕਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਅਜੀਤ ਅਗਰਕਰ ਨੇ ਕੁਝ ਦਿਨ ਪਹਿਲਾਂ ਆਈਪੀਐਲ ਟੀਮ ਦਿੱਲੀ ਕੈਪੀਟਲਜ਼ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਇਹ ਲਗਭਗ ਤੈਅ ਸੀ ਕਿ ਉਹ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਚੋਣਕਾਰ ਹੋਣਗੇ।

ਬੀਸੀਸੀਆਈ ਨੇ 22 ਜੂਨ ਨੂੰ ਇੱਕ ਇਸ਼ਤਿਹਾਰ ਰਾਹੀਂ ਚੋਣ ਕਮੇਟੀ ਵਿੱਚ ਖਾਲੀ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ। ਉਸ ਸਮੇਂ ਅਜੀਤ ਅਗਰਕਰ ਨੇ ਅਪਲਾਈ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਇਸ ਅਹੁਦੇ ਨੂੰ ਭਰਨ ਲਈ ਮਜ਼ਬੂਤ ​​ਦਾਅਵੇਦਾਰ ਮੰਨੇ ਜਾ ਰਹੇ ਸਨ। ਅਜੀਤ ਦੀ ਚੋਣ ਤੋਂ ਬਾਅਦ ਭਾਰਤੀ ਚੋਣ ਕਮੇਟੀ ਦੇ ਦੋ ਮੈਂਬਰ ਪੱਛਮੀ ਜ਼ੋਨ ਤੋਂ ਹਨ। ਸਲਿਲ ਅੰਕੋਲਾ ਪਹਿਲਾਂ ਹੀ ਪੱਛਮੀ ਜ਼ੋਨ ਚੋਣਕਾਰ ਹਨ।

ਅਗਰਕਰ ਦਾ ਨਾਂ ਚੱਲਣ ਨਾਲ ਬੀਸੀਸੀਆਈ ਨੂੰ ਚੋਣ ਕਮੇਟੀ ਦੇ ਮੁਖੀ ਦੀ ਸਾਲਾਨਾ ਤਨਖਾਹ 1 ਕਰੋੜ ਰੁਪਏ ਤੋਂ ਵਧਾਉਣੀ ਪਵੇਗੀ, ਜਦਕਿ ਬਾਕੀ ਮੈਂਬਰਾਂ ਦੀ ਤਨਖਾਹ ਵੀ 90 ਲੱਖ ਰੁਪਏ ਤੋਂ ਵਧ ਜਾਵੇਗੀ। ਦਿੱਲੀ ਕੈਪੀਟਲਜ਼ ਦੇ ਸਹਾਇਕ ਕੋਚ ਅਤੇ ਕੁਮੈਂਟੇਟਰ ਅਗਰਕਰ ਮੁੱਖ ਚੋਣਕਾਰ ਦੇ ਸਾਲਾਨਾ ਪੈਕੇਜ ਤੋਂ ਵੱਧ ਕਮਾਈ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਬੀਸੀਸੀਆਈ ਨੂੰ ਮੌਜੂਦਾ ਤਨਖਾਹ ਸਕੇਲ ਦੀ ਸਮੀਖਿਆ ਕਰਨੀ ਪਵੇਗੀ। ਮਰਹੂਮ ਰਮਾਕਾਂਤ ਆਚਰੇਕਰ ਦੇ ਚੇਲੇ 45 ਸਾਲਾ ਅਗਰਕਰ ਨੇ 191 ਵਨਡੇ, 26 ਟੈਸਟ ਅਤੇ ਚਾਰ ਟੀ-20 ਮੈਚ ਖੇਡੇ ਹਨ।