ਏਅਰ ਇੰਡੀਆ ਦੇ ਜਹਾਜ਼ ‘ਚ ਯਾਤਰੀ ਨੇ ਸਾਰਿਆਂ ਦੇ ਸਾਹਮਣੇ ਫਰਸ਼ ‘ਤੇ ਕੀਤਾ ਪਿਸ਼ਾਬ

ਏਅਰ ਇੰਡੀਆ ਦੇ ਜਹਾਜ਼ ‘ਚ ਯਾਤਰੀ ਨੇ ਸਾਰਿਆਂ ਦੇ ਸਾਹਮਣੇ ਫਰਸ਼ ‘ਤੇ ਕੀਤਾ ਪਿਸ਼ਾਬ

ਫਲਾਈਟ ਦੇ ਲੈਂਡ ਹੁੰਦੇ ਹੀ ਦੋਸ਼ੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਉਸਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ।


ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਵਾਰ ਫੇਰ ਹੰਗਾਮਾ ਹੋ ਗਿਆ ਹੈ। ਦੋਸ਼ ਹੈ ਕਿ ਇਕ ਯਾਤਰੀ ਨੇ ਹੋਰ ਯਾਤਰੀਆਂ ਦੇ ਸਾਹਮਣੇ ਫਲਾਇਟ ਦੇ ਫਰਸ਼ ‘ਤੇ ਪਿਸ਼ਾਬ ਕੀਤਾ, ਸ਼ੌਚ ਕੀਤਾ ਅਤੇ ਫਿਰ ਥੁੱਕ ਦਿੱਤਾ। ਇਹ ਘਟਨਾ ਮੁੰਬਈ ਤੋਂ ਦਿੱਲੀ ਜਾ ਰਹੀ ਫਲਾਈਟ ਵਿੱਚ ਵਾਪਰੀ। ਫਲਾਈਟ ਦੇ ਲੈਂਡ ਹੁੰਦੇ ਹੀ ਦੋਸ਼ੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਕੇਸ ਵੀ ਦਰਜ ਕੀਤਾ ਗਿਆ ਹੈ। ਫਿਲਹਾਲ ਉਸਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ।

ਫਲਾਈਟ ਦੇ ਕੈਪਟਨ ਨੇ ਦਿੱਲੀ ਦੇ ਆਈਜੀਆਈ ਏਅਰਪੋਰਟ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ। ਇਸ ਵਿਚ ਕਿਹਾ ਗਿਆ ਹੈ ਕਿ 24 ਜੂਨ ਨੂੰ ਮੁੰਬਈ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏਆਈਸੀ 866 ਦੀ ਰੋ ਨੰਬਰ 9 ਦੀ ਸੀਟ ਨੰਬਰ 17F ‘ਤੇ ਸਫਰ ਕਰ ਰਹੇ ਇਕ ਯਾਤਰੀ ਨੇ ਜਹਾਜ਼ ਵਿਚ ਹੀ ਸ਼ੌਚ, ਪਿਸ਼ਾਬ ਅਤੇ ਥੁੱਕਿਆ ਹੈ।

ਕੈਬਿਨ ਸੁਪਰਵਾਈਜ਼ਰ ਨੇ ਉਸਨੂੰ ਚੇਤਾਵਨੀ ਵੀ ਦਿੱਤੀ, ਪਰ ਉਸਨੇ ਗੱਲ ਨਹੀਂ ਸੁਣੀ। ਕੈਪਟਨ ਨੇ ਤੁਰੰਤ ਕੰਪਨੀ ਨੂੰ ਸੁਨੇਹਾ ਭੇਜਿਆ। ਜਿਵੇਂ ਹੀ ਫਲਾਈਟ ਦਿੱਲੀ ਏਅਰਪੋਰਟ ‘ਤੇ ਲੈਂਡ ਹੋਈ, ਗੁੱਸੇ ‘ਚ ਆਏ ਯਾਤਰੀਆਂ ਨੇ ਇਸ ਘਟਨਾ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦੋਸ਼ੀ ਯਾਤਰੀ ਨੂੰ ਏਅਰ ਇੰਡੀਆ ਦੇ ਸੁਰੱਖਿਆ ਮੁਖੀ ਦੀ ਨਿਗਰਾਨੀ ਹੇਠ ਆਈਜੀਆਈ ਏਅਰਪੋਰਟ ਪੁਲਿਸ ਸਟੇਸ਼ਨ ਲਿਜਾਇਆ ਗਿਆ। ਫਲਾਈਟ ਦੇ ਕੈਪਟਨ ਦੀ ਸ਼ਿਕਾਇਤ ‘ਤੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਜ਼ਮਾਨਤ ਮਿਲ ਗਈ ਹੈ ।

ਇਸੇ ਤਰ੍ਹਾਂ ਦੀ ਇੱਕ ਘਟਨਾ ਪਿਛਲੇ ਸਾਲ ਨਵੰਬਰ ਵਿੱਚ ਵੀ ਸਾਹਮਣੇ ਆਈ ਸੀ, ਜਦੋਂ ਇੱਕ ਸ਼ਰਾਬੀ ਵਿਅਕਤੀ ਨੇ ਨਿਊਯਾਰਕ-ਦਿੱਲੀ ਏਅਰ ਇੰਡੀਆ ਦੀ ਉਡਾਣ ਵਿੱਚ ਇੱਕ ਮਹਿਲਾ ਸਹਿ-ਯਾਤਰੀ ਉੱਤੇ ਕਥਿਤ ਤੌਰ ‘ਤੇ ਪਿਸ਼ਾਬ ਕਰ ਦਿੱਤਾ ਸੀ। ਮੁਲਜ਼ਮ ਦੀ ਪਛਾਣ ਮੁੰਬਈ ਦੇ ਰਹਿਣ ਵਾਲੇ ਸ਼ੇਖਰ ਮਿਸ਼ਰਾ ਵਜੋਂ ਹੋਈ ਸੀ। ਫਿਰ ਦਸੰਬਰ ਵਿੱਚ, ਇੱਕ ਸ਼ਰਾਬੀ ਯਾਤਰੀ ਨੇ ਏਅਰ ਇੰਡੀਆ ਦੀ ਪੈਰਿਸ-ਨਵੀਂ ਦਿੱਲੀ ਫਲਾਈਟ ਵਿੱਚ ਇੱਕ ਮਹਿਲਾ ਯਾਤਰੀ ਦੇ ਕੰਬਲ ਉੱਤੇ ਕਥਿਤ ਤੌਰ ‘ਤੇ ਪਿਸ਼ਾਬ ਕਰ ਦਿੱਤਾ ਸੀ।