ਏਰੀਅਲ ਅਤੇ ਓਰਲ-ਬੀ ਬਣਾਉਣ ਵਾਲੀ P&G ਭਾਰਤ ‘ਚ ਕਰੇਗੀ 2000 ਕਰੋੜ ਦਾ ਨਿਵੇਸ਼, ਗੁਜਰਾਤ ‘ਚ ਲਗਾਏਗੀ ਮੈਗਾ ਫੈਕਟਰੀ

ਏਰੀਅਲ ਅਤੇ ਓਰਲ-ਬੀ ਬਣਾਉਣ ਵਾਲੀ P&G ਭਾਰਤ ‘ਚ ਕਰੇਗੀ 2000 ਕਰੋੜ ਦਾ ਨਿਵੇਸ਼, ਗੁਜਰਾਤ ‘ਚ ਲਗਾਏਗੀ ਮੈਗਾ ਫੈਕਟਰੀ

ਕੰਪਨੀ ਨੇ ਕਿਹਾ ਕਿ ਇਸ ਪਲਾਂਟ ਦੀ ਸਥਾਪਨਾ ਨਾਲ ਸੈਂਕੜੇ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲੇਗਾ।


ਪ੍ਰੋਕਟਰ ਐਂਡ ਗੈਂਬਲ ਨੂੰ ਵਿਸ਼ਵ ਦਰਜ਼ੇ ਦੇ ਉਤਪਾਦ ਬਣਾਉਣ ਦਾ ਦਰਜ਼ਾ ਹਾਸਿਲ ਹੈ। ਪ੍ਰੋਕਟਰ ਐਂਡ ਗੈਂਬਲ, ਏਰੀਅਲ, ਡੂਰਾਸੇਲ, ਜਿਲੇਟ, ਹੈੱਡ ਐਂਡ ਸ਼ੋਲਡਰਜ਼, ਓਰਲ-ਬੀ, ਪੈਂਪਰਸ, ਪੈਨਟੇਨ, ਟਾਈਡ, ਵਿਕਸ ਅਤੇ ਵਿਸਪਰ ਵਰਗੇ ਮਸ਼ਹੂਰ ਉਤਪਾਦਾਂ ਦਾ ਨਿਰਮਾਣ ਕਰਨ ਵਾਲੀ ਦੁਨੀਆ ਦੀ ਪ੍ਰਮੁੱਖ FMCG ਕੰਪਨੀ, ਭਾਰਤ ਵਿੱਚ 2,000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ।

ਕੰਪਨੀ ਗੁਜਰਾਤ ਵਿੱਚ ਆਪਣੀ ਮੈਗਾ ਫੈਕਟਰੀ ਸਥਾਪਿਤ ਕਰੇਗੀ। ਇਹ ਪ੍ਰੋਕਟਰ ਐਂਡ ਗੈਂਬਲ ਇੰਡੀਆ (ਪੀਐਂਡਜੀ ਇੰਡੀਆ) ਦਾ ਭਾਰਤ ਵਿੱਚ ਨੌਵਾਂ ਪਲਾਂਟ ਹੋਵੇਗਾ। ਇਸ ਤੋਂ ਪਹਿਲਾਂ ਐਫਐਮਸੀਜੀ ਸੈਕਟਰ ਦੀ ਇੱਕ ਹੋਰ ਦਿੱਗਜ ਕੰਪਨੀ ਨੇਸਲੇ ਨੇ ਵੀ ਪਿਛਲੇ ਸਾਲ ਭਾਰਤ ਵਿੱਚ 5000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਪ੍ਰੋਕਟਰ ਐਂਡ ਗੈਂਬਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵਾਂ ਪਲਾਂਟ ਸਾਨੰਦ ਵਿੱਚ 50,000 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੋਵੇਗਾ।

P&G ਦੇ ਗਲੋਬਲ ਮੈਡੀਕਲ ਉਤਪਾਦ ਇੱਥੇ ਤਿਆਰ ਕੀਤੇ ਜਾਣਗੇ। ਬਿਆਨ ਦੇ ਅਨੁਸਾਰ, “ਇਹ ਸਹੂਲਤ ਅਗਲੇ ਕੁਝ ਸਾਲਾਂ ਵਿੱਚ ਚਾਲੂ ਹੋ ਜਾਵੇਗੀ ਅਤੇ P&G ਦਾ ਗਲੋਬਲ ਐਕਸਪੋਰਟ ਹੱਬ ਬਣ ਜਾਵੇਗੀ। ਇਹ P&G ਭਾਰਤ ਨੂੰ ਦੁਨੀਆ ਭਰ ਦੇ ਆਪਣੇ ਗਾਹਕਾਂ ਲਈ ਉਤਪਾਦਾਂ ਨੂੰ ਭੇਜਣ ਦੇ ਯੋਗ ਬਣਾਵੇਗਾ।” ਕੰਪਨੀ ਨੇ ਕਿਹਾ ਕਿ ਇਸ ਪਲਾਂਟ ਦੀ ਸਥਾਪਨਾ ਨਾਲ ਸੈਂਕੜੇ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲੇਗਾ।

ਪਿਛਲੇ ਇੱਕ ਸਾਲ ਵਿੱਚ ਭਾਰਤੀ ਐਫਐਮਸੀਜੀ ਸੈਕਟਰ ਵਿੱਚ ਕੰਮ ਕਰ ਰਹੀ ਕਿਸੇ ਬਹੁਰਾਸ਼ਟਰੀ ਕੰਪਨੀ ਦਾ ਇਹ ਦੂਜਾ ਵੱਡਾ ਨਿਵੇਸ਼ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ, ਗਲੋਬਲ ਫੂਡ ਐਂਡ ਬੇਵਰੇਜ ਸਮੂਹ Nestlé SA ਨੇ ਦੇਸ਼ ਵਿੱਚ ਆਪਣੇ ਮੁੱਖ ਕਾਰੋਬਾਰ ਨੂੰ ਤੇਜ਼ ਕਰਨ ਅਤੇ ਵਿਕਾਸ ਦੇ ਨਵੇਂ ਮੌਕਿਆਂ ਦਾ ਫਾਇਦਾ ਉਠਾਉਣ ਲਈ ਅਗਲੇ ਸਾਢੇ ਤਿੰਨ ਸਾਲਾਂ ਵਿੱਚ ਭਾਰਤ ਵਿੱਚ 5,000 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਕੰਪਨੀ ਨੇ ਕਿਹਾ ਕਿ ਨਿਵੇਸ਼ ਦੀ ਯੋਜਨਾ ਇੱਕ ਗੈਰ-ਸੂਚੀਬੱਧ ਪ੍ਰਾਈਵੇਟ ਕੰਪਨੀ ਰਾਹੀਂ ਕੀਤੀ ਜਾ ਰਹੀ ਹੈ ਅਤੇ ਭਾਰਤ ਵਿੱਚ ਪੀਐਂਡਜੀ ਗਰੁੱਪ ਦੀ ਕਿਸੇ ਵੀ ਸੂਚੀਬੱਧ ਜਨਤਕ ਕੰਪਨੀ ‘ਤੇ ਕੋਈ ਅਸਰ ਨਹੀਂ ਪਵੇਗਾ।