- ਰਾਸ਼ਟਰੀ
- No Comment
ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਦੇਸ਼ ਦੇ ਸਭ ਤੋਂ ਅਮੀਰ ਵਿਧਾਇਕ,1,400 ਕਰੋੜ ਤੋਂ ਵੱਧ ਦੀ ਹੈ ਜਾਇਦਾਦ

ਸਭ ਤੋਂ ਘੱਟ ਜਾਇਦਾਦ ਵਾਲੇ ਵਿਧਾਇਕ ਪੱਛਮੀ ਬੰਗਾਲ ਦੇ ਭਾਜਪਾ ਵਿਧਾਇਕ ਨਿਰਮਲ ਕੁਮਾਰ ਧਾਰਾ ਹਨ, ਜਿਨ੍ਹਾਂ ਦੀ ਕੁੱਲ ਘੋਸ਼ਿਤ ਜਾਇਦਾਦ ਸਿਰਫ਼ 1,700 ਰੁਪਏ ਹੈ।
ਕਾਂਗਰਸ ਆਗੂ ਡੀਕੇ ਸ਼ਿਵਕੁਮਾਰ ਨੇ ਕਰਨਾਟਕ ਵਿਧਾਨਸਭਾ ਚੋਣਾਂ ਜਿਤਾਉਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਦੇਸ਼ ਦੇ ਸਭ ਤੋਂ ਅਮੀਰ ਵਿਧਾਇਕ ਹਨ। ਉਸ ਕੋਲ 1,400 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਦੂਜੇ ਅਤੇ ਤੀਜੇ ਸਭ ਤੋਂ ਅਮੀਰ ਵਿਧਾਇਕ ਵੀ ਕਰਨਾਟਕ ਦੇ ਹਨ। ਦੂਜੇ ਨੰਬਰ ‘ਤੇ ਕਰਨਾਟਕ ਤੋਂ ਆਜ਼ਾਦ ਵਿਧਾਇਕ ਕੇਐੱਚ ਪੁੱਟਾਸਵਾਮੀ ਗੌੜਾ ਹਨ। ਉਸ ਕੋਲ 1,267 ਕਰੋੜ ਰੁਪਏ ਦੀ ਜਾਇਦਾਦ ਹੈ। ਤੀਜੇ ਨੰਬਰ ‘ਤੇ ਕਰਨਾਟਕ ਤੋਂ ਕਾਂਗਰਸ ਵਿਧਾਇਕ ਪ੍ਰਿਆ ਕ੍ਰਿਸ਼ਨਾ ਹੈ, ਜਿਨ੍ਹਾਂ ਕੋਲ 1,156 ਕਰੋੜ ਰੁਪਏ ਦੀ ਜਾਇਦਾਦ ਹੈ।
ਸਭ ਤੋਂ ਘੱਟ ਜਾਇਦਾਦ ਵਾਲੇ ਵਿਧਾਇਕ ਪੱਛਮੀ ਬੰਗਾਲ ਦੇ ਭਾਜਪਾ ਵਿਧਾਇਕ ਨਿਰਮਲ ਕੁਮਾਰ ਧਾਰਾ ਹਨ, ਜਿਨ੍ਹਾਂ ਦੀ ਕੁੱਲ ਘੋਸ਼ਿਤ ਜਾਇਦਾਦ ਸਿਰਫ਼ 1,700 ਰੁਪਏ ਹੈ। ਉਨ੍ਹਾਂ ਤੋਂ ਬਾਅਦ ਉੜੀਸਾ ਤੋਂ ਆਜ਼ਾਦ ਵਿਧਾਇਕ ਮਕਰੰਦਾ ਮੁਦੁਲੀ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਕੋਲ 15,000 ਰੁਪਏ ਦੀ ਜਾਇਦਾਦ ਹੈ। ਇਸ ਤੋਂ ਬਾਅਦ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰਪਾਲ ਸਿੰਘ ਸਵਾਨਾ ਹਨ, ਜਿਨ੍ਹਾਂ ਦੀ ਜਾਇਦਾਦ 18,370 ਰੁਪਏ ਹੈ। ਇਹ ਅੰਕੜੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਪੋਰਟ (ਏ.ਡੀ.ਆਰ.) ਵੱਲੋਂ ਜਾਰੀ ਕੀਤੇ ਗਏ ਹਨ। ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਚਾਰ ਕਾਂਗਰਸ ਅਤੇ ਤਿੰਨ ਭਾਜਪਾ ਦੇ ਹਨ। ਦੇਸ਼ ਦੇ 20 ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ 12 ਕਰਨਾਟਕ ਦੇ ਹਨ।
ਅਰੁਣਾਚਲ ਪ੍ਰਦੇਸ਼ ਦੇ 59 ਵਿਧਾਇਕਾਂ ਵਿੱਚੋਂ 4 ਅਰਬਪਤੀ ਹਨ। ਜਦੋਂ ਡੀਕੇ ਸ਼ਿਵਕੁਮਾਰ ਦੀ ਦੌਲਤ ਬਾਰੇ ਪੁੱਛਿਆ ਗਿਆ ਤਾਂ ਡੀਕੇ ਸ਼ਿਵਕੁਮਾਰ ਨੇ ਕਿਹਾ – ਮੈਂ ਸਭ ਤੋਂ ਅਮੀਰ ਨਹੀਂ ਹਾਂ, ਪਰ ਮੈਂ ਗਰੀਬ ਵੀ ਨਹੀਂ ਹਾਂ। ਇਹ ਉਹ ਸੰਪਤੀਆਂ ਹਨ ਜੋ ਮੈਂ ਲੰਬੇ ਸਮੇਂ ਵਿੱਚ ਹਾਸਲ ਕੀਤੀਆਂ ਹਨ। ਸਭ ਤੋਂ ਅਮੀਰ ਵਿਧਾਇਕਾਂ ਦੀ ਸੂਚੀ ਵਿੱਚ 23ਵੇਂ ਨੰਬਰ ‘ਤੇ ਗਲੀ ਜਨਾਰਧਨ ਰੈੱਡੀ ਹੈ, ਜੋ ਇੱਕ ਮਾਈਨਿੰਗ ਵਪਾਰੀ ਹੈ। ਰੈਡੀ ਪਹਿਲਾਂ ਭਾਜਪਾ ਦਾ ਹਿੱਸਾ ਸਨ। ਉਨ੍ਹਾਂ ਨੇ ਪਿਛਲੇ ਸਾਲ ਆਪਣੀ ਪਾਰਟੀ ਬਣਾਈ ਸੀ। ਉਨ੍ਹਾਂ ਦੀ ਜ਼ਿਆਦਾਤਰ ਜਾਇਦਾਦ ਉਨ੍ਹਾਂ ਦੀ ਪਤਨੀ ਅਰੁਣਾ ਲਕਸ਼ਮੀ ਦੇ ਨਾਂ ‘ਤੇ ਹੈ।