ਟਰੈਵਲ ਏਜੰਟ ਨੇ ਕੀਤਾ ਧੋਖਾ : ਸੰਤ ਸੀਚੇਵਾਲ ਦੇ ਯਤਨਾਂ ਨਾਲ ਇਰਾਕ ‘ਚ ਫਸੀਆਂ ਦੋ ਕੁੜੀਆਂ ਵਤਨ ਪਰਤ ਆਈਆਂ

ਟਰੈਵਲ ਏਜੰਟ ਨੇ ਕੀਤਾ ਧੋਖਾ : ਸੰਤ ਸੀਚੇਵਾਲ ਦੇ ਯਤਨਾਂ ਨਾਲ ਇਰਾਕ ‘ਚ ਫਸੀਆਂ ਦੋ ਕੁੜੀਆਂ ਵਤਨ ਪਰਤ ਆਈਆਂ

ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਅੰਬੈਸੀ ਨੇ ਸਾਡੀ ਮਦਦ ਨਾ ਕੀਤੀ ਹੁੰਦੀ ਤਾਂ ਨਰਕ ਭਰੀ ਜ਼ਿੰਦਗੀ ‘ਚੋਂ ਨਿਕਲਣਾ ਅਸੰਭਵ ਸੀ।


ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਨ੍ਹਾਂ ਵਲੋਂ ਕੀਤੇ ਸਮਾਜਿਕ ਕੰਮਾਂ ਲਈ ਜਾਣਿਆ ਜਾਂਦਾ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਪਿਛਲੇ ਦੋ ਮਹੀਨਿਆਂ ਤੋਂ ਇਰਾਕ ਵਿੱਚ ਫਸੀਆਂ ਦੋ ਪੰਜਾਬੀ ਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਅੰਬੈਸੀ ਨੇ ਸਾਡੀ ਮਦਦ ਨਾ ਕੀਤੀ ਹੁੰਦੀ ਤਾਂ ਨਰਕ ਭਰੀ ਜ਼ਿੰਦਗੀ ‘ਚੋਂ ਨਿਕਲਣਾ ਅਸੰਭਵ ਸੀ।

ਪੀੜਤ ਲੜਕੀਆਂ ਨੇ ਆਪਣੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਅਜਿਹੇ ਸੁਪਨੇ ਦਿਖਾਏ ਕਿ ਉਹ ਇਨ੍ਹਾਂ ਠੱਗਾਂ ਦੇ ਜਾਲ ਵਿੱਚ ਫਸ ਗਈਆਂ। ਕਪੂਰਥਲਾ ਦੀ ਰਹਿਣ ਵਾਲੀ ਕੁੜੀ ਨੇ ਦੱਸਿਆ ਕਿ ਉਸਦੀ ਰਿਸ਼ਤੇਦਾਰ ਉਸਨੂੰ ਘਰੇਲੂ ਕੰਮ ਦੇ ਬਹਾਨੇ ਗ੍ਰੀਸ ਲੈ ਗਈ ਅਤੇ ਮੋਟੀ ਤਨਖ਼ਾਹ ਦਾ ਲਾਲਚ ਵੀ ਦਿਤਾ ਗਿਆ। ਪਰ ਮੀਰਾ ਨੇ ਇਸ ਨੂੰ ਗ੍ਰੀਸ ਭੇਜਣ ਦੀ ਬਜਾਏ ਧੋਖੇ ਨਾਲ ਇਰਾਕ ਭੇਜ ਦਿੱਤਾ ਅਤੇ ਉਥੋਂ ਦੀ ਇਕ ਕੰਪਨੀ ਨੂੰ ਵੇਚ ਦਿੱਤਾ। ਉਸਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ।

ਪੀੜਤ ਲੜਕੀ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉੱਥੇ ਦਫ਼ਤਰ ਸੀ। ਉਸਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਸੀਹੇ ਦਿੱਤੇ ਗਏ। ਘਰ ਚਲਾਉਣਾ ਔਖਾ ਹੋ ਗਿਆ ਸੀ, ਕਿਉਂਕਿ ਉਸਦੇ ਪਿਤਾ ਨੂੰ ਅਧਰੰਗ ਹੋ ਗਿਆ ਸੀ। ਇਸ ਲਈ ਉਸ ਨੇ ਰਿਸ਼ਤੇਦਾਰਾਂ ਦੀ ਗੱਲ ਸੁਣ ਕੇ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਉਸ ਦੇ ਨਾਲ ਪਰਤੀ ਫਿਰੋਜ਼ਪੁਰ ਜ਼ਿਲ੍ਹੇ ਦੀ ਇੱਕ ਕੁੜੀ ਨੇ ਦੱਸਿਆ ਕਿ ਉਸ ਨੂੰ ਵੀ ਇਸ ਔਰਤ ਨੇ ਹਾਂਗਕਾਂਗ ਵਿੱਚ ਮੋਟੀ ਤਨਖਾਹ ਦਾ ਲਾਲਚ ਦਿੱਤਾ ਸੀ। ਪਰ ਉਸ ਨੂੰ ਇਰਾਕ ਭੇਜ ਦਿੱਤਾ ਗਿਆ ਅਤੇ ਉੱਥੇ ਵੇਚ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਜਿਸ ਦਫ਼ਤਰ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉੱਥੇ ਉਨ੍ਹਾਂ ਨੇ ਬਹੁਤ ਤਸ਼ੱਦਦ ਕੀਤਾ। ਕੁੜੀ ਨੇ ਦਾਅਵਾ ਕੀਤਾ ਕਿ ਇਰਾਕ ਵਿੱਚ ਫਸੀਆਂ ਉਸ ਵਰਗੀਆਂ 30 ਤੋਂ 40 ਲੜਕੀਆਂ ਹਨ, ਜਿਨ੍ਹਾਂ ਨੂੰ ਗਾਹਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਦੋਵੇਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਨੇ ਕੁਝ ਦਿਨ ਪਹਿਲਾਂ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਤੁਰੰਤ ਇਹ ਮਾਮਲਾ ਵਿਦੇਸ਼ ਮੰਤਰਾਲੇ ਅਤੇ ਇਰਾਕ ਸਥਿਤ ਭਾਰਤੀ ਦੂਤਾਵਾਸ ਕੋਲ ਉਠਾਇਆ।

ਲੜਕੀਆਂ ਨੇ ਦੱਸਿਆ ਕਿ ਸਾਡੇ ਪਰਿਵਾਰ ਨੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਨ੍ਹਾਂ ਨੂੰ ਭੇਜੇ ਸਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪੀੜਤ ਦੋਵਾਂ ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਕੋਲ ਪਹੁੰਚ ਕੀਤੀ ਸੀ। ਟਰੈਵਲ ਏਜੰਟ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਲਈ 10 ਤੋਂ 12 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇੱਕ ਪੱਤਰ ਰਾਹੀਂ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ। ਜਿਸ ‘ਤੇ ਭਾਰਤੀ ਦੂਤਘਰ ਅਤੇ ਵਿਦੇਸ਼ ਮੰਤਰਾਲੇ ਨੇ ਤੁਰੰਤ ਕਾਰਵਾਈ ਕੀਤੀ ਅਤੇ ਇਹ ਕੁੜੀਆਂ ਕਰੀਬ 20 ਦਿਨਾਂ ‘ਚ ਬਿਨਾਂ ਕੋਈ ਪੈਸੇ ਦਿੱਤੇ ਆਪਣੇ ਘਰਾਂ ਨੂੰ ਪਰਤ ਗਈਆਂ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਅਰਬ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਔਰਤਾਂ ਦਾ ਸ਼ੋਸ਼ਣ ਜਾਰੀ ਹੈ। ਆਪਣੀਆਂ ਕੁੜੀਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ, ਏਜੰਟਾਂ ਅਤੇ ਉੱਥੇ ਦੀਆਂ ਸਥਿਤੀਆਂ ਬਾਰੇ ਚੰਗੀ ਤਰ੍ਹਾਂ ਖੋਜ ਕਰੋ ਅਤੇ ਫੇਰ ਬਾਹਰ ਭੇਜੋ।