ਡੇਰੇਕ ਓ ਬ੍ਰਾਇਨ ‘ਤੇ ਭੜਕੇ ਜਗਦੀਪ ਧਨਖੜ, ਕਿਹਾ- ਸਦਨ ‘ਚ ਤੁਹਾਡਾ ਵਿਹਾਰ ਗਲਤ, ਮਸ਼ਹੂਰ ਹੋਣ ਲਈ ਕਰ ਰਹੇ ਹੋ ਡਰਾਮਾ

ਡੇਰੇਕ ਓ ਬ੍ਰਾਇਨ ‘ਤੇ ਭੜਕੇ ਜਗਦੀਪ ਧਨਖੜ, ਕਿਹਾ- ਸਦਨ ‘ਚ ਤੁਹਾਡਾ ਵਿਹਾਰ ਗਲਤ, ਮਸ਼ਹੂਰ ਹੋਣ ਲਈ ਕਰ ਰਹੇ ਹੋ ਡਰਾਮਾ

ਰਾਜਸਭਾ ‘ਚ ਚਰਚਾ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਅਤੇ ਚੇਅਰਮੈਨ ਜਗਦੀਪ ਧਨਖੜ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ। ਓ ਬ੍ਰਾਇਨ ‘ਤੇ ਸਦਨ ਦੀ ਮਰਿਆਦਾ ਨੂੰ ਤੋੜਨ ਦਾ ਦੋਸ਼ ਲਗਾਉਂਦੇ ਹੋਏ ਧਨਖੜ ਨੇ ਉਨ੍ਹਾਂ ਨੂੰ ਸੰਜਮ ਨਾਲ ਪੇਸ਼ ਆਉਣ ਲਈ ਕਿਹਾ।


ਰਾਜ ਸਭਾ ਵਿੱਚ ਬੀਤੇ ਕੱਲ ਬਹੁਤ ਹੰਗਾਮਾ ਵੇਖਣ ਨੂੰ ਮਿਲਿਆ। ਦਿੱਲੀ ਸੇਵਾਵਾਂ ਬਿੱਲ ਸੋਮਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਗਿਆ। ਬਿੱਲ ਪਾਸ ਕਰਨ ਤੋਂ ਪਹਿਲਾਂ ਸਦਨ ‘ਚ ਇਸ ‘ਤੇ ਚਰਚਾ ਹੋਈ। ਚਰਚਾ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਅਤੇ ਚੇਅਰਮੈਨ ਜਗਦੀਪ ਧਨਖੜ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ। ਓ ਬ੍ਰਾਇਨ ‘ਤੇ ਸਦਨ ਦੀ ਮਰਿਆਦਾ ਨੂੰ ਤੋੜਨ ਦਾ ਦੋਸ਼ ਲਗਾਉਂਦੇ ਹੋਏ ਧਨਖੜ ਨੇ ਉਨ੍ਹਾਂ ਨੂੰ ਸੰਜਮ ਨਾਲ ਪੇਸ਼ ਆਉਣ ਲਈ ਕਿਹਾ।

ਧਨਖੜ ਨੇ ਕਿਹਾ ਕਿ ਤੁਹਾਡਾ ਆਚਰਣ ਗਲਤ ਸੀ। ਅਜਿਹਾ ਵਿਹਾਰ ਸੰਸਦ ਵਿੱਚ ਤੁਹਾਡੇ ਲਈ ਬਣੇ ਸਥਾਨ ਦੇ ਅਨੁਕੂਲ ਨਹੀਂ ਹੈ। ਤੁਸੀਂ ਸਦਨ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ ਅਤੇ ਤੁਸੀਂ ਜਾਣਬੁੱਝ ਕੇ ਅਜਿਹਾ ਕੀਤਾ ਹੈ। ਇਸ ਤੋਂ ਬਾਅਦ ਜਦੋਂ ਬਹਿਸ ਵਧ ਗਈ ਤਾਂ ਧਨਖੜ ਨੇ ਉਨ੍ਹਾਂ ਨੂੰ ਸਦਨ ਛੱਡਣ ਲਈ ਕਿਹਾ। ਡੇਰੇਕ ਦਿੱਲੀ ਸਰਵਿਸਿਜ਼ ਬਿੱਲ ਬਾਰੇ ਆਪਣਾ ਪੱਖ ਪੇਸ਼ ਕਰ ਰਹੇ ਸਨ। ਉਨ੍ਹਾਂ ਨੇ ਕਈ ਵਾਰ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ।

ਧਨਖੜ ਨੇ ਉਨ੍ਹਾਂ ਨੂੰ ਵਾਰ-ਵਾਰ ਇਸ ਮੁੱਦੇ ‘ਤੇ ਬੋਲਣ ਲਈ ਕਿਹਾ, ਪਰ ਡੇਰੇਕ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਇਸ ਤੋਂ ਬਾਅਦ ਧਨਖੜ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਕ ਮੁੱਦੇ ‘ਤੇ ਗੱਲ ਕਰਨੀ ਹੈ, ਪਰ ਪਿਛਲੇ 20 ਮਿੰਟਾਂ ‘ਚ ਤੁਸੀਂ ਤਿੰਨ ਅਜਿਹੀਆਂ ਗੱਲਾਂ ਕਹੀਆਂ, ਜਿਨ੍ਹਾਂ ਦਾ ਇਸ ਮੁੱਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਸੀਂ ਅਜਿਹਾ ਭਾਸ਼ਣ ਦੇ ਰਹੇ ਹੋ ਜੋ ਸਦਨ ਦੇ ਬਾਹਰ ਪ੍ਰਭਾਵਸ਼ਾਲੀ ਹੋਵੇਗਾ। ਇੱਥੇ ਚਰਚਾ ਕਰਨ ਵਾਲਾ ਮੁੱਦਾ ਬਹੁਤ ਸਪੱਸ਼ਟ ਹੈ। ਮੈਂ ਤੁਹਾਨੂੰ ਇਸ ਮੁੱਦੇ ‘ਤੇ ਧਿਆਨ ਕੇਂਦਰਿਤ ਕਰਨ ਲਈ ਆਪਣੀ ਊਰਜਾ ਅਤੇ ਸਮਝ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।

ਡੇਰੇਕ ਨੇ ਕਿਹਾ ਕਿ ਇਹ ਇੱਕ ਸਿਆਸੀ ਘਰ ਹੈ ਅਤੇ ਜੋ ਮੈਂ ਗੱਲ ਕਰ ਰਿਹਾ ਹਾਂ ਉਹ ਜ਼ਰੂਰੀ ਹੈ। ਇਸ ਤੋਂ ਬਾਅਦ ਧਨਖੜ ਨੇ ਕਿਹਾ ਕਿ ਤੁਸੀਂ ਸਿਆਸੀ ਨੁਕਤੇ ਰੱਖੋ, ਪਰ ਮੁੱਦੇ ਤੋਂ ਨਾ ਭਟਕੋ। ਫਿਰ ਵੀ ਡੇਰੇਕ ਨੇ ਆਪਣੀ ਗੱਲ ਜਾਰੀ ਰੱਖੀ। ਧਨਖੜ ਨੇ ਡੇਰੇਕ ਨੂੰ ਬੈਠਣ ਲਈ ਕਿਹਾ, ਪਰ ਉਹ ਨਾ ਬੈਠਿਆ। ਆਖਿਰਕਾਰ ਧਨਖੜ ਨੇ ਇਕ ਹੋਰ ਸੰਸਦ ਮੈਂਬਰ ਦਾ ਨਾਂ ਲਿਆ ਤਾਂ ਕਿ ਡੇਰੇਕ ਆਪਣਾ ਭਾਸ਼ਣ ਖਤਮ ਕਰ ਸਕੇ। ਇੱਥੇ ਵੀ ਜਦੋਂ ਡੇਰੇਕ ਬੋਲਣੋਂ ਨਾ ਹਟਿਆ ਤਾਂ ਧਨਖੜ ਕੁਰਸੀ ਤੋਂ ਉੱਠ ਕੇ ਗੁੱਸੇ ਵਿੱਚ ਬੋਲੇ, ‘ਤੁਸੀਂ ਤੁਰੰਤ ਸਦਨ ‘ਚੋ ਚਲੇ ਜਾਓ। ਤੁਹਾਡਾ ਆਚਰਣ ਗਲਤ ਹੈ ਅਤੇ ਤੁਸੀਂ ਅਜਿਹਾ ਪਹਿਲੀ ਵਾਰ ਨਹੀਂ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਤੁਸੀਂ ਇਕ ਰਣਨੀਤੀ ਤਹਿਤ ਅਜਿਹਾ ਵਿਹਾਰ ਕਰਦੇ ਹੋ। ਤੁਸੀਂ ਸੋਚਦੇ ਹੋ ਕਿ ਅਜਿਹੇ ਵਿਹਾਰ ਨਾਲ ਤੁਹਾਨੂੰ ਬਾਹਰ ਪ੍ਰਚਾਰ ਮਿਲੇਗਾ। ਤੁਹਾਡੇ ਵਰਗੇ ਸੀਨੀਅਰ ਸੰਸਦ ਮੈਂਬਰ ਤੋਂ ਅਜਿਹੇ ਵਤੀਰੇ ਦੀ ਉਮੀਦ ਨਹੀਂ ਕੀਤੀ ਜਾਂਦੀ।