ਮਨੀਪੁਰ ਹਿੰਸਾ : ਮਨੀਪੁਰ ਦੌਰੇ ‘ਤੇ ਪਹੁੰਚੇ ਰਾਹੁਲ ਗਾਂਧੀ, ਪੁਲਿਸ ਨੇ ਇੰਫਾਲ ਏਅਰਪੋਰਟ ‘ਤੇ ਰਾਹੁਲ ਨੂੰ ਰੋਕਿਆ

ਮਨੀਪੁਰ ਹਿੰਸਾ : ਮਨੀਪੁਰ ਦੌਰੇ ‘ਤੇ ਪਹੁੰਚੇ ਰਾਹੁਲ ਗਾਂਧੀ, ਪੁਲਿਸ ਨੇ ਇੰਫਾਲ ਏਅਰਪੋਰਟ ‘ਤੇ ਰਾਹੁਲ ਨੂੰ ਰੋਕਿਆ

ਕਾਂਗਰਸੀ ਕਾਰਕੁਨਾਂ ਨੇ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਜੋ ਅੱਗੇ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾ ਸਕੇ।


ਮਨੀਪੁਰ ਦੇ ਹਿੰਸਾ ਪ੍ਰਭਾਵਿਤ ਹਿਸੇ ਦਾ ਦੌਰਾ ਕਰਨ ਗਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਥਾਨਕ ਪੁਲਿਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਦੁਪਹਿਰ ਮਨੀਪੁਰ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ। ਰਾਹੁਲ ਗਾਂਧੀ ਨੂੰ ਇੰਫਾਲ ਹਵਾਈ ਅੱਡੇ ਦੇ ਸਾਹਮਣੇ ਵਿਸ਼ਨੂੰਪੁਰ ਚੈੱਕਪੋਸਟ ‘ਤੇ ਰੋਕ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੇ ਕਾਫਲੇ ਨੂੰ ਸੁਰੱਖਿਆ ਕਾਰਨਾਂ ਕਰਕੇ ਰੋਕ ਦਿੱਤਾ ਗਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਇੰਫਾਲ ਪਹੁੰਚੇ।

ਰਾਹੁਲ ਗਾਂਧੀ ਦੋ ਦਿਨਾਂ ਲਈ ਹਿੰਸਾ ਪ੍ਰਭਾਵਿਤ ਰਾਜ ਦਾ ਦੌਰਾ ਕਰਨਗੇ ਅਤੇ ਆਪਣੇ ਦੌਰੇ ਦੌਰਾਨ ਰਾਹਤ ਕੈਂਪਾਂ ਦਾ ਵੀ ਦੌਰਾ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਦਾ ਇੰਫਾਲ ਅਤੇ ਚੂਰਾਚੰਦਪੁਰ ਵਿੱਚ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਮਿਲਣ ਦਾ ਪ੍ਰੋਗਰਾਮ ਵੀ ਹੈ। ਰਾਹੁਲ ਗਾਂਧੀ ਦੇ ਦੌਰੇ ਦੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੇ ਟਵਿਟਰ ਹੈਂਡਲ ‘ਤੇ ਲਿਖਿਆ ਗਿਆ ਹੈ ਕਿ ਤੁਹਾਡੇ ਰਾਹੁਲ ਗਾਂਧੀ ਪਿਆਰ, ਭਾਈਚਾਰਾ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਮਨੀਪੁਰ ਪਹੁੰਚੇ ਹਨ। ਕੁਝ ਸਮੇਂ ਵਿੱਚ ਉਹ ਹਿੰਸਾ ਦੇ ਪੀੜਤਾਂ ਨੂੰ ਮਿਲਣਗੇ।

ਹਿੰਸਾ ਦੇ ਮੱਦੇਨਜ਼ਰ ਸੂਬੇ ‘ਚ ਇੰਟਰਨੈੱਟ ‘ਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਸਰਬ ਪਾਰਟੀ ਮੀਟਿੰਗ ਵਿੱਚ ਗ੍ਰਹਿ ਮੰਤਰਾਲੇ ਨੇ ਹਿੰਸਾ ਵਿੱਚ ਹੁਣ ਤੱਕ 131 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ 419 ਲੋਕ ਜ਼ਖਮੀ ਹੋਏ ਹਨ। 65,000 ਤੋਂ ਵੱਧ ਲੋਕ ਆਪਣੇ ਘਰ ਛੱਡ ਚੁੱਕੇ ਹਨ। ਅੱਗਜ਼ਨੀ ਦੀਆਂ 5 ਹਜ਼ਾਰ ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ। ਛੇ ਹਜ਼ਾਰ ਕੇਸ ਦਰਜ ਕੀਤੇ ਗਏ ਹਨ ਅਤੇ 144 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਬੇ ਵਿੱਚ 36 ਹਜ਼ਾਰ ਸੁਰੱਖਿਆ ਮੁਲਾਜ਼ਮ ਅਤੇ 40 ਆਈਪੀਐਸ ਤਾਇਨਾਤ ਕੀਤੇ ਗਏ ਹਨ।

ਮਨੀਪੁਰ ਵਿੱਚ ਪਿਛਲੇ ਮਹੀਨੇ ਦੀ ਹਿੰਸਾ ਦੌਰਾਨ ਲੁੱਟੇ ਗਏ 5,000 ਤੋਂ ਵੱਧ ਹਥਿਆਰ ਬਦਮਾਸ਼ਾਂ ਵੱਲੋਂ ਵੇਚੇ ਜਾ ਰਹੇ ਹਨ। ਇਸ ਗੱਲ ਦਾ ਖ਼ੁਲਾਸਾ ਫ਼ੌਜ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਚਾਰ ਹਥਿਆਰਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੋਇਆ ਹੈ। ਕਾਂਗਰਸੀ ਕਾਰਕੁਨਾਂ ਨੇ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਜੋ ਅੱਗੇ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾ ਸਕੇ। ਰਾਹੁਲ ਗਾਂਧੀ ਬਿਸ਼ਨੂਪੁਰ ਤੋਂ ਇੰਫਾਲ ਹਵਾਈ ਅੱਡੇ ‘ਤੇ ਵਾਪਸ ਜਾ ਰਹੇ ਹਨ, ਜਿੱਥੋਂ ਉਹ ਹੈਲੀਕਾਪਟਰ ਰਾਹੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ‘ਤੇ ਜਾਣਗੇ।