- ਅੰਤਰਰਾਸ਼ਟਰੀ
- No Comment
ਯੂਰਪ ਦਾ ਇੱਕ ਦੇਸ਼ ਮੁਸਲਮਾਨਾਂ ਨੂੰ ਲੈ ਕੇ ਹੋਇਆ ਸਖ਼ਤ, ਧਰਮ ਪਰਿਵਰਤਨ ਅਤੇ ਬਾਹਰ ਨਮਾਜ਼ ਅਦਾ ਕਰਨ ‘ਤੇ ਲੱਗੇਗਾ ਬੈਨ

ਰਿਪੋਰਟ ਮੁਤਾਬਕ ਇਸ ਬਿੱਲ ਦੇ ਤਹਿਤ ਇਟਲੀ ਦੀਆਂ ਸਾਰੀਆਂ ਮਸਜਿਦਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਨੂੰ ਫੰਡ ਕਿੱਥੋਂ ਮਿਲਦੇ ਹਨ।
ਇਟਲੀ ਨੇ ਮੁਸਲਮਾਨਾਂ ਨੂੰ ਲੈਕੇ ਇੱਕ ਕਾਨੂੰਨ ‘ਤੇ ਮੋਹਰ ਲਗਾ ਦਿਤੀ ਹੈ। ਯੂਰਪੀ ਦੇਸ਼ ਇਟਲੀ ਦੀ ਸਰਕਾਰ ਨੇ ਮਸਜਿਦਾਂ ਦੇ ਬਾਹਰ ਨਮਾਜ਼ ਅਦਾ ਕਰਨ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਤਿਆਰ ਕੀਤਾ ਹੈ। ਇਸ ਡਰਾਫਟ ਕਾਨੂੰਨ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਇਸਦੇ ਨਾਲ ਹੀ ਸਰਕਾਰ ਨੇ ਦੇਸ਼ ਵਿੱਚ ਧਰਮ ਪਰਿਵਰਤਨ ਨੂੰ ਰੋਕਣ ਲਈ ਇੱਕ ਡਰਾਫਟ ਵੀ ਤਿਆਰ ਕੀਤਾ ਹੈ।

ਰਿਪੋਰਟ ਮੁਤਾਬਕ ਇਸ ਡਰਾਫਟ ‘ਚ ਦੇਸ਼ ਦੇ ਗੈਰੇਜਾਂ, ਉਦਯੋਗਿਕ ਕੇਂਦਰਾਂ, ਉਦਯੋਗਿਕ ਗੋਦਾਮਾਂ ਅਤੇ ਮਸਜਿਦਾਂ ਦੇ ਬਾਹਰ ਨਮਾਜ਼ ਅਦਾ ਕਰਨ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ। ਵੱਖ-ਵੱਖ ਰਿਪੋਰਟਾਂ ਦੇ ਅਨੁਸਾਰ, ਮੇਲੋਨੀ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਸਰਕਾਰ ਨੇ ਦੇਸ਼ ਦੇ ਸ਼ਹਿਰੀ ਯੋਜਨਾਬੰਦੀ ਕਾਨੂੰਨ ਵਿੱਚ ਸੋਧ ਕੀਤੀ ਹੈ। ਡਰਾਫਟ ਕਾਨੂੰਨ ਦਾ ਉਦੇਸ਼ ਜਨਤਕ ਸਥਾਨਾਂ ਨੂੰ ਧਾਰਮਿਕ ਸਥਾਨਾਂ ਜਾਂ ਮਸਜਿਦਾਂ ਵਿੱਚ ਤਬਦੀਲ ਕਰਨ ‘ਤੇ ਰੋਕ ਲਗਾਉਣਾ ਹੈ।
ਗੌਰਤਲਬ ਹੈ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਦੇਸ਼ ਵਿੱਚ ਮੁਸਲਮਾਨ ਸ਼ਰਨਾਰਥੀਆਂ ਨੂੰ ਧਰਮ ਪਰਿਵਰਤਨ ਸਮੇਤ ਰੋਕਣ ਲਈ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ। ਰਿਪੋਰਟਾਂ ਮੁਤਾਬਕ ਇਸ ਸਮੇਂ ਇਟਲੀ ਦਾ ਵੱਡਾ ਹਿੱਸਾ ਮੁਸਲਿਮ ਸ਼ਰਨਾਰਥੀਆਂ ਅਤੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੈ। ਰਿਪੋਰਟ ਮੁਤਾਬਕ ਇਸ ਬਿੱਲ ਦੇ ਤਹਿਤ ਇਟਲੀ ਦੀਆਂ ਸਾਰੀਆਂ ਮਸਜਿਦਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਨੂੰ ਫੰਡ ਕਿੱਥੋਂ ਮਿਲਦੇ ਹਨ। ਜੇਕਰ ਇਹ ਬਿੱਲ ਸੰਸਦ ‘ਚ ਪਾਸ ਹੋ ਜਾਂਦਾ ਹੈ ਤਾਂ ਉਨ੍ਹਾਂ ਮਸਜਿਦਾਂ ਨੂੰ ਬੰਦ ਕਰ ਦਿੱਤਾ ਜਾਵੇਗਾ, ਜੋ ਗੈਰ-ਕਾਨੂੰਨੀ ਢੰਗ ਨਾਲ ਗੋਦਾਮਾਂ ‘ਚ ਬਣੀਆਂ ਹੋਈਆਂ ਹਨ। ਇਸਦੇ ਨਾਲ ਹੀ ਬਿੱਲ ‘ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਉਦਯੋਗਿਕ ਗੋਦਾਮ ਜਾਂ ਗੈਰੇਜ ਦੀ ਵਰਤੋਂ ਧਾਰਮਿਕ ਪ੍ਰਚਾਰ ਲਈ ਕੀਤੀ ਜਾਂਦੀ ਹੈ ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਰੋਮ ਵਿਚ ਮੈਗਲੀਆਨਾ ਮਸਜਿਦ ਦੇ ਇਮਾਮ ਜਾਂ ਪ੍ਰਾਰਥਨਾ ਦੇ ਨੇਤਾ, ਸਾਮੀ ਸਲੇਮ ਨੇ ਕਿਹਾ ਕਿ ਇਹ ਇਕ ਡਰਾਫਟ ਹੈ ਜੋ ਸਪੱਸ਼ਟ ਤੌਰ ‘ਤੇ ਮੁਸਲਮਾਨਾਂ ਨਾਲ ਵਿਤਕਰਾ ਕਰਦਾ ਹੈ ਅਤੇ ਇਟਲੀ ਦੇ ਸੰਵਿਧਾਨ ਦਾ ਸਨਮਾਨ ਨਹੀਂ ਕਰਦਾ। ਇਟਲੀ ਦਾ ਸੰਵਿਧਾਨ ਇੱਥੇ ਰਹਿਣ ਵਾਲੇ ਸਾਰੇ ਨਾਗਰਿਕਾਂ ਦੀ ਰੱਖਿਆ ਕਰਦਾ ਹੈ।