ਰਿਸ਼ੀ ਸੁਨਕ ਦੇ ਘਰ ਨੂੰ ਕਾਲੇ ਕੱਪੜੇ ਨਾਲ ਢੱਕਣ ਵਾਲੇ ਚਾਰ ਲੋਕ ਗ੍ਰਿਫ਼ਤਾਰ

ਰਿਸ਼ੀ ਸੁਨਕ ਦੇ ਘਰ ਨੂੰ ਕਾਲੇ ਕੱਪੜੇ ਨਾਲ ਢੱਕਣ ਵਾਲੇ ਚਾਰ ਲੋਕ ਗ੍ਰਿਫ਼ਤਾਰ

ਵਾਤਾਵਰਣ ਕਾਰਕੁੰਨਾਂ ਦੇ ਅਨੁਸਾਰ, ਜਲਵਾਯੂ ਸੰਕਟ ਤੇਜ਼ ਹੋ ਰਿਹਾ ਹੈ ਅਤੇ ਸੁਨਕ ਦੀ ਨੀਤੀ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਏਏ) ਦੀਆਂ ਚੇਤਾਵਨੀਆਂ ਦੇ ਉਲਟ ਚੱਲਦੀ ਹੈ।

ਉੱਤਰੀ ਇੰਗਲੈਂਡ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਘਰ ਨੂੰ ਕਾਲੇ ਕੱਪੜੇ ਨਾਲ ਢੱਕਣ ‘ਤੇ ਚਾਰ ਗ੍ਰੀਨਪੀਸ ਜਲਵਾਯੂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨਕਾਰੀ ਸੁਨਕ ਦੇ ਘਰ ਦੀ ਛੱਤ ‘ਤੇ ਚੜ੍ਹ ਗਏ। ਚਾਰੋਂ ਪ੍ਰਦਰਸ਼ਨਕਾਰੀ ਕਰੀਬ ਤਿੰਨ ਘੰਟੇ ਬਾਅਦ ਛੱਤ ਤੋਂ ਹੇਠਾਂ ਆ ਗਏ। ਉਹ ਤੇਲ ਅਤੇ ਗੈਸ ਲਈ ਮਾਈਨਿੰਗ ਦੇ ਵਿਸਥਾਰ ਲਈ ਸੁਨਕ ਦੇ ਹਾਲ ਹੀ ਦੇ ਸਮਰਥਨ ਦਾ ਵਿਰੋਧ ਕਰ ਰਹੇ ਸਨ।

ਇਹ ਲੋਕ ਬ੍ਰਿਟਿਸ਼ ਪੀਐੱਮ ਦੇ ਘਰ ਦੀ ਛੱਤ ‘ਤੇ ਚੜ੍ਹ ਕੇ ਕਾਲੇ ਕੱਪੜੇ ਨਾਲ ਉਸਦਾ ਘਰ ਢੱਕਦੇ ਹੋਏ ਨਜ਼ਰ ਆ ਰਹੇ ਸਨ। ਹਾਲਾਂਕਿ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਸੁਨਕ ਆਪਣੇ ਘਰ ਨਹੀਂ ਸਨ। ਉਹ ਛੁੱਟੀਆਂ ਮਨਾਉਣ ਲਈ ਆਪਣੇ ਪਰਿਵਾਰ ਨਾਲ ਕੈਲੀਫੋਰਨੀਆ ਗਿਆ ਹੋਇਆ ਹੈ। 10 ਡਾਊਨਿੰਗ ਸਟ੍ਰੀਟ ਦੇ ਅਨੁਸਾਰ, ਇਹ ਚਾਰ ਸਾਲਾਂ ਵਿੱਚ ਉਨ੍ਹਾਂ ਦੀ ਪਹਿਲੀ ਪਰਿਵਾਰਕ ਛੁੱਟੀ ਹੈ। ਗ੍ਰੀਨ ਪੀਸ ਮੁਤਾਬਕ ਪੀਐਮ ਦੇ ਘਰ ਨੂੰ ਕਾਲੇ ਕੱਪੜੇ ਨਾਲ ਢੱਕਣ ਤੋਂ ਬਾਅਦ ਉਨ੍ਹਾਂ ਨੇ ਸੁਨਕ ਨੂੰ ਸਵਾਲ ਪੁੱਛਿਆ। ਉਹ ਜਾਣਨਾ ਚਾਹੁੰਦੇ ਹਨ ਕਿ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿਚ ਉਹ ਕਿਸ ਦੇ ਪੱਖ ਵਿਚ ਹਨ। ਵੱਡੀਆਂ ਤੇਲ ਕੰਪਨੀਆਂ ਨੂੰ ਜਾਂ ਰਹਿਣ ਯੋਗ ਧਰਤੀ ਨੂੰ।

ਦਰਅਸਲ, ਹਾਲ ਹੀ ਵਿੱਚ ਰਿਸ਼ੀ ਸੁਨਕ ਨੇ ਡ੍ਰਿਲੰਗ ਕੰਪਨੀਆਂ ਨੂੰ ਉੱਤਰੀ ਸਾਗਰ ਵਿੱਚ ਤੇਲ ਅਤੇ ਗੈਸ ਕੱਢਣ ਦੀ ਇਜਾਜ਼ਤ ਦਿੱਤੀ ਹੈ। ਇਸ ਤਹਿਤ ਸਰਕਾਰ ਨੇ ਕਈ ਸੌ ਲਾਇਸੈਂਸ ਜਾਰੀ ਕੀਤੇ ਹਨ। ਜਲਵਾਯੂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਬ੍ਰਿਟੇਨ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਬੜੀ ਸੋਚ ਵਿਚਾਰ ਤੋਂ ਬਾਅਦ ਲਿਆ ਹੈ। ਇਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

ਵਾਤਾਵਰਣ ਕਾਰਕੁੰਨਾਂ ਦੇ ਅਨੁਸਾਰ, ਜਲਵਾਯੂ ਸੰਕਟ ਤੇਜ਼ ਹੋ ਰਿਹਾ ਹੈ, ਅਤੇ ਸੁਨਕ ਦੀ ਨੀਤੀ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਏਏ) ਦੀਆਂ ਚੇਤਾਵਨੀਆਂ ਦੇ ਉਲਟ ਚੱਲਦੀ ਹੈ। ਦਰਅਸਲ, ਆਈਏਏ ਨੇ ਕਿਹਾ ਹੈ ਕਿ ਜੇਕਰ ਦੁਨੀਆ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣਾ ਹੈ ਤਾਂ ਤੇਲ ਅਤੇ ਗੈਸ ਦੀ ਖੋਜ ਵਿੱਚ ਕੋਈ ਨਵਾਂ ਨਿਵੇਸ਼ ਨਹੀਂ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਤੇਲ ਡ੍ਰਿਲੰਗ ‘ਤੇ ਨਵੀਆਂ ਨੀਤੀਆਂ ਯੂਕੇ ਨੂੰ ਘਰੇਲੂ ਤੌਰ ‘ਤੇ ਊਰਜਾ ਪ੍ਰਦਾਨ ਕਰਨਗੀਆਂ ਜਦੋਂ ਇਹ 2050 ਤੱਕ ਜ਼ੀਰੋ ਕਾਰਬਨ ਨਿਕਾਸੀ ਹਾਸਲ ਕਰ ਲਵੇਗੀ।