ਲੁਧਿਆਣਾ ‘ਚ ਵੱਡਾ ਹਾਦਸਾ : ਸਰਕਾਰੀ ਸਕੂਲ ਦੇ ਸਟਾਫ ਰੂਮ ਦੀ ਛੱਤ ਡਿੱਗੀ, 4 ਅਧਿਆਪਕ ਮਲਬੇ ਹੇਠ ਦੱਬੇ, ਇੱਕ ਦੀ ਮੌਤ

ਲੁਧਿਆਣਾ ‘ਚ ਵੱਡਾ ਹਾਦਸਾ : ਸਰਕਾਰੀ ਸਕੂਲ ਦੇ ਸਟਾਫ ਰੂਮ ਦੀ ਛੱਤ ਡਿੱਗੀ, 4 ਅਧਿਆਪਕ ਮਲਬੇ ਹੇਠ ਦੱਬੇ, ਇੱਕ ਦੀ ਮੌਤ

ਮਲਬੇ ਹੇਠੋਂ ਕੱਢੇ ਗਏ ਅਧਿਆਪਕਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਘਟਨਾ ਸਮੇਂ ਬੱਚੇ ਵੀ ਸਕੂਲ ਵਿੱਚ ਮੌਜੂਦ ਸਨ।


ਪੰਜਾਬ ਦੇ ਲੁਧਿਆਣਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਲੁਧਿਆਣਾ ਦੇ ਬੱਦੋਵਾਲ ਵਿੱਚ ਇੱਕ ਸਰਕਾਰੀ ਸਕੂਲ ਦੇ ਸਟਾਫ ਰੂਮ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਅਧਿਆਪਕ ਛੱਤ ਦੇ ਲੈਂਟਰ ਹੇਠ ਫਸ ਗਏ ਹਨ, ਜਿਨ੍ਹਾਂ ਵਿੱਚੋਂ ਦੋ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਦਕਿ ਦੋ ਅਜੇ ਵੀ ਮਲਬੇ ‘ਚ ਫਸੇ ਹੋਏ ਹਨ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ।

ਜਾਣਕਾਰੀ ਮੁਤਾਬਕ ਮਲਬੇ ਹੇਠੋਂ ਕੱਢੇ ਗਏ ਦੋ ਅਧਿਆਪਕ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਕਿਹਾ, ‘ਬਹੁਤ ਹੀ ਦੁਖਦਾਈ ਸੂਚਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਜ਼ਿਲ੍ਹਾ ਲੁਧਿਆਣਾ) ਤੋਂ ਮਿਲੀ ਹੈ ਕਿ ਸਕੂਲ ਦੀ ਇਮਾਰਤ ਦੀ ਉਸਾਰੀ ਦੌਰਾਨ ਚਾਰ ਅਧਿਆਪਕ ਮਲਬੇ ਹੇਠ ਦੱਬ ਗਏ, ਜਿਨ੍ਹਾਂ ਵਿੱਚੋਂ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ।’ ਮੈਂ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਕਿਹਾ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਸਾਰੇ ਪਰਿਵਾਰ ਨੂੰ ਇਸ ਦੁਖਦਾਈ ਘਾਟੇ ਨੂੰ ਸਹਿਣ ਦਾ ਬਲ ਬਖਸ਼ੇ।

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਬੱਦੋਵਾਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਲੈਂਟਰ ਡਿੱਗਣ ਕਾਰਨ ਹਫੜਾ-ਦਫੜੀ ਮਚ ਗਈ ਹੈ। ਇਸ ਹਾਦਸੇ ਵਿੱਚ ਚਾਰ ਦੇ ਕਰੀਬ ਅਧਿਆਪਕ ਮਲਬੇ ਹੇਠ ਦੱਬ ਗਏ। ਇਸ ਦੌਰਾਨ ਦੋ ਅਧਿਆਪਕਾਂ ਨੂੰ ਲੋਕਾਂ ਵੱਲੋਂ ਤੁਰੰਤ ਬਾਹਰ ਕੱਢ ਲਿਆ ਗਿਆ, ਜਦਕਿ ਦੋ ਹੋਰ ਅਧਿਆਪਕਾਂ ਨੂੰ ਮਲਬੇ ਹੇਠੋਂ ਕੱਢਣ ਦਾ ਕੰਮ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਸਟਾਫ ਰੂਮ ‘ਚ ਬੈਠਾ ਸਨ ਕਿ ਅਚਾਨਕ ਲੈਂਟਰ ਡਿੱਗ ਗਿਆ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ‘ਚ ਜੁੱਟ ਗਏ। ਮਲਬੇ ਹੇਠੋਂ ਕੱਢੇ ਗਏ ਅਧਿਆਪਕਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਘਟਨਾ ਸਮੇਂ ਬੱਚੇ ਵੀ ਸਕੂਲ ਵਿੱਚ ਮੌਜੂਦ ਸਨ।

ਬੱਦੋਵਾਲ ਵਿੱਚ ਸਕੂਲ ਦੇ ਲੈਂਟਰ ਡਿੱਗਣ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਮੌਕੇ ’ਤੇ ਪੁੱਜੇ। ਬਿੱਟੂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਵਰ੍ਹਿਆ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਸਿੱਖਿਆ ਪ੍ਰਣਾਲੀ ਅਤੇ ਸਕੂਲਾਂ ਦੇ ਸਾਂਭ-ਸੰਭਾਲ ਵੱਲ ਧਿਆਨ ਨਾ ਦੇ ਕੇ ਸਿਰਫ਼ ਅਫ਼ਸਰਾਂ ਦੇ ਤਬਾਦਲਿਆਂ ਆਦਿ ਵਿੱਚ ਹੀ ਉਲਝੇ ਹੋਏ ਹਨ। ਜਿਸ ਬਦਲਾਅ ਲਈ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਸਨ, ਅੱਜ ਲੋਕ ਪਛਤਾ ਰਹੇ ਹਨ।