ਸੁਨੀਲ ਜਾਖੜ ਬਣ ਸਕਦੇ ਹਨ ਪੰਜਾਬ ਭਾਜਪਾ ਪ੍ਰਧਾਨ, ਦਾਅਵੇਦਾਰਾਂ ਦੀ ਦੌੜ ‘ਚ ਸਭ ਤੋਂ ਅੱਗੇ

ਸੁਨੀਲ ਜਾਖੜ ਬਣ ਸਕਦੇ ਹਨ ਪੰਜਾਬ ਭਾਜਪਾ ਪ੍ਰਧਾਨ, ਦਾਅਵੇਦਾਰਾਂ ਦੀ ਦੌੜ ‘ਚ ਸਭ ਤੋਂ ਅੱਗੇ

ਗੁਰਦਾਸਪੁਰ ‘ਚ ਜਿਸ ਤਰ੍ਹਾਂ ਸੁਨੀਲ ਜਾਖੜ ਨੂੰ ਸਟੇਜ ‘ਤੇ ਪੇਸ਼ ਕੀਤਾ ਗਿਆ, ਉਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਤੋਂ ਇਲਾਵਾ ਸੰਸਦ ਮੈਂਬਰ ਦੇ ਉਮੀਦਵਾਰ ਵਜੋਂ ਵੀ ਤਿਆਰ ਕੀਤਾ ਜਾ ਰਿਹਾ ਹੈ।


ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ 2024 ਲੋਕਸਭਾ ਚੋਣਾਂ ਤੋਂ ਪਹਿਲਾ ਵੱਡੀ ਜਿੰਮੇਵਾਰੀ ਮਿਲ ਸਕਦੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਹੈ। ਪੰਜਾਬ ਭਾਜਪਾ ਦੀ ਕਮਾਨ ਜਲਦ ਹੀ ਕਿਸੇ ਨਵੇਂ ਚਿਹਰੇ ਨੂੰ ਦਿੱਤੀ ਜਾ ਸਕਦੀ ਹੈ। ਪੰਜਾਬ ਭਾਜਪਾ ਦੇ ਪੁਰਾਣੇ ਚਿਹਰਿਆਂ ਤੋਂ ਇਲਾਵਾ ਕਾਂਗਰਸ ਛੱਡ ਕੇ ਆਏ ਆਗੂਆਂ ਦੇ ਨਾਂ ਵੀ ਇਸ ਦੌੜ ਵਿੱਚ ਸ਼ਾਮਲ ਹਨ। ਪਰ ਕੇਂਦਰ ਸਰਕਾਰ ਇਹ ਫੈਸਲਾ ਧਿਆਨ ਨਾਲ ਲੈਣਾ ਚਾਹੁੰਦੀ ਹੈ, ਜਿਸ ਵਿੱਚ ਸੀਨੀਅਰ ਅਤੇ ਤਜਰਬੇਕਾਰ ਆਗੂ ਸੁਨੀਲ ਜਾਖੜ ਦਾ ਨਾਂ ਅੱਗੇ ਆ ਰਿਹਾ ਹੈ। ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਸੁਨੀਲ ਜਾਖੜ ਦੇ ਨਾਂ ਦੀ ਚਰਚਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ਤੋਂ ਸ਼ੁਰੂ ਹੋ ਗਈ ਸੀ। ਪਰ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਹੀ ਕਾਰਨ ਹੈ ਕਿ ਹਾਈਕਮਾਂਡ ਹੁਣ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਮਨਾਉਣ ਵਿੱਚ ਰੁੱਝੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸੁਨੀਲ ਜਾਖੜ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਭਾਜਪਾ ਅੰਦਰਲੇ ਵਿਰੋਧ ਨੂੰ ਸ਼ਾਂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਜਪਾ ਦਾ ਮੌਜੂਦਾ ਨਿਸ਼ਾਨਾ 2024 ਦੀਆਂ ਲੋਕ ਸਭਾ ਚੋਣਾਂ ਹਨ।

ਗੁਰਦਾਸਪੁਰ ‘ਚ ਜਿਸ ਤਰ੍ਹਾਂ ਸੁਨੀਲ ਜਾਖੜ ਨੂੰ ਸਟੇਜ ‘ਤੇ ਪੇਸ਼ ਕੀਤਾ ਗਿਆ, ਉਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਤੋਂ ਇਲਾਵਾ ਸੰਸਦ ਮੈਂਬਰ ਦੇ ਉਮੀਦਵਾਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ 7 ਵੱਡੇ ਚਿਹਰੇ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸੁਨੀਲ ਜਾਖੜ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸੋਢੀ ਸ਼ਾਮਲ ਹਨ। ਭਾਜਪਾ ਨੂੰ ਉਮੀਦ ਹੈ ਕਿ ਇਹ ਉਹ ਚਿਹਰੇ ਹਨ ਜੋ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਦੇ ਟੀਚੇ ਤੱਕ ਪਹੁੰਚਣ ਵਿੱਚ ਉਸਦੀ ਮਦਦ ਕਰ ਸਕਦੇ ਹਨ।