ਹਿੰਦੂ ਸੰਗਠਨ ਨੇ ਮੁੰਬਈ ‘ਚ ਬੰਦ ਕਰਵਾਇਆ ‘ਆਦਿਪੁਰਸ਼’ ਦਾ ਸ਼ੋਅ, ਦਰਸ਼ਕਾਂ ਨੂੰ ਕੱਢਿਆ ਥਿਏਟਰ ਤੋਂ ਬਾਹਰ

ਹਿੰਦੂ ਸੰਗਠਨ ਨੇ ਮੁੰਬਈ ‘ਚ ਬੰਦ ਕਰਵਾਇਆ ‘ਆਦਿਪੁਰਸ਼’ ਦਾ ਸ਼ੋਅ, ਦਰਸ਼ਕਾਂ ਨੂੰ ਕੱਢਿਆ ਥਿਏਟਰ ਤੋਂ ਬਾਹਰ

ਨੇਪਾਲ ਵਿੱਚ ਵੀ ਕਾਠਮੰਡੂ ਨਗਰ ਨਿਗਮ ਨੇ ‘ਆਦਿਪੁਰਸ਼’ ਨੂੰ ਨਾ ਦਿਖਾਉਣ ਦਾ ਫੈਸਲਾ ਕੀਤਾ ਹੈ। ਦੁਨੀਆ ਭਰ ‘ਚ ਇਸ ਫਿਲਮ ਨੇ ਦੋ ਦਿਨਾਂ ‘ਚ 240 ਕਰੋੜ ਰੁਪਏ ਕਮਾ ਲਏ ਹਨ। ਇਸ ਤਰ੍ਹਾਂ ਫਿਲਮ 200 ਕਰੋੜ ਦੇ ਕਲੱਬ ‘ਚ ਦਾਖਲ ਹੋ ਗਈ ਹੈ।


ਇਸ ਸਾਲ ਦੇਸ਼ ਵਿਚ ਇਕ ਤੋਂ ਬਾਅਦ ਇਕ ਵਿਵਾਦਾਂ ਵਾਲਿਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ਆਦਿਪੁਰਸ਼ ਨੂੰ ਲੈ ਕੇ ਵਿਵਾਦ ਜਾਰੀ ਹੈ। ਮੁੰਬਈ ਦੇ ਨਾਲਾਸੋਪਾਰਾ ‘ਚ ਹਿੰਦੂ ਸੰਗਠਨ ਦੇ ਕਾਰਕੁਨਾਂ ਨੇ ਐਤਵਾਰ ਸ਼ਾਮ ਨੂੰ ਫਿਲਮ ਦਾ ਪ੍ਰਦਰਸ਼ਨ ਰੋਕ ਦਿੱਤਾ। ਹਿੰਦੂ ਸੰਗਠਨ ਦੇ ਕਾਰਕੁਨਾਂ ਨੇ ਥੀਏਟਰ ਵਿੱਚ ਪਹੁੰਚ ਕੇ ਨਾਅਰੇਬਾਜ਼ੀ ਕੀਤੀ ਅਤੇ ਦਰਸ਼ਕਾਂ ਨੂੰ ਹਾਲ ਵਿੱਚੋਂ ਚਲੇ ਜਾਣ ਲਈ ਕਿਹਾ। ਇਸ ਤੋਂ ਬਾਅਦ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ। ਹਿੰਦੂਵਾਦੀ ਸੰਗਠਨਾਂ ਨੇ ਐਤਵਾਰ ਸ਼ਾਮ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਰੈਲੀ ਕੱਢੀ। ਕਾਰਕੁਨਾਂ ਨਾਅਰੇਬਾਜ਼ੀ ਕਰਦੇ ਹੋਏ ਮਾਲ ਦੇ ਅੰਦਰ ਦਾਖਲ ਹੋ ਗਏ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡਿੰਗ ਵੀ ਕੀਤੀ ਸੀ, ਪਰ ਉਹ ਇਸ ਨੂੰ ਤੋੜ ਕੇ ਮਾਲ ਦੇ ਅੰਦਰ ਦਾਖ਼ਲ ਹੋ ਗਏ।

ਇਸ ਤੋਂ ਬਾਅਦ ਉਨ੍ਹਾਂ ਨੇ ਹਾਲ ਦੇ ਸਾਹਮਣੇ ਬੈਠ ਕੇ ਹਨੂੰਮਾਨ ਚਾਲੀਸਾ ਦਾ ਪਾਠ ਸ਼ੁਰੂ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਉਥੋਂ ਦੀ ਹਟਾ ਦਿੱਤਾ। ਇੱਥੇ ਦੱਸ ਦੇਈਏ ਕਿ ਵਿਵਾਦ ਤੋਂ ਬਾਅਦ ਫਿਲਮ ਨਿਰਮਾਤਾਵਾਂ ਨੇ ਵਿਵਾਦਿਤ ਡਾਇਲਾਗ ਨੂੰ ਲੈ ਕੇ ਵਧਦੇ ਵਿਰੋਧ ਨੂੰ ਦੇਖਦੇ ਹੋਏ ਫਿਲਮ ਦੇ ਡਾਇਲਾਗ ਬਦਲਣ ਦਾ ਫੈਸਲਾ ਕੀਤਾ ਹੈ। ਫਿਲਮ ਦੇ ਲੇਖਕ ਮਨੋਜ ਮੁਨਤਾਸ਼ੀਰ ਨੇ ਐਤਵਾਰ ਨੂੰ ਟਵੀਟ ਕਰਕੇ ਫਿਲਮ ਬਾਰੇ ਸਪੱਸ਼ਟੀਕਰਨ ਦਿੱਤਾ ਅਤੇ ਫਿਰ ਕਿਹਾ ਕਿ ਇਸ ਹਫਤੇ ਫਿਲਮ ਤੋਂ ਵਿਵਾਦਿਤ ਡਾਇਲਾਗ ਹਟਾ ਦਿੱਤੇ ਜਾਣਗੇ। ਦੂਜੇ ਪਾਸੇ ਨੇਪਾਲ ਵਿੱਚ ਵੀ ਕਾਠਮੰਡੂ ਨਗਰ ਨਿਗਮ ਨੇ ਵੀ ਆਦਿਪੁਰਸ਼ ਨੂੰ ਨਾ ਦਿਖਾਉਣ ਦਾ ਫੈਸਲਾ ਕੀਤਾ ਹੈ। ਨੇਪਾਲੀ ਸੈਂਸਰ ਬੋਰਡ ਨੇ ਫਿਲਮ ‘ਚ ਸੀਤਾ ਨੂੰ ਭਾਰਤ ਦੀ ਬੇਟੀ ਦੱਸਿਆ ਜਾਣ ‘ਤੇ ਇਤਰਾਜ਼ ਜਤਾਇਆ ਹੈ।

ਨੇਪਾਲ ਸੈਂਸਰ ਬੋਰਡ ਦਾ ਕਹਿਣਾ ਹੈ ਕਿ ਸੀਤਾ ਜੀ ਦਾ ਜਨਮ ਭਾਰਤ ਵਿੱਚ ਨਹੀਂ ਸਗੋਂ ਨੇਪਾਲ ਦੇ ਜਨਕਪੁਰ ਵਿੱਚ ਹੋਇਆ ਸੀ। ਵਿਵਾਦ ਵਧਣ ‘ਤੇ ਕਾਠਮੰਡੂ ਦੇ ਮੇਅਰ ਨੇ ਐਤਵਾਰ ਤੋਂ ਹੀ ਸ਼ਹਿਰ ‘ਚ ਹਿੰਦੀ ਫਿਲਮਾਂ ‘ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਹੈ। ਦੁਨੀਆ ਭਰ ‘ਚ ਇਸ ਫਿਲਮ ਨੇ ਦੋ ਦਿਨਾਂ ‘ਚ 240 ਕਰੋੜ ਰੁਪਏ ਕਮਾ ਲਏ ਹਨ। ਇਸ ਤਰ੍ਹਾਂ ਫਿਲਮ ਦਾ ਕਾਰੋਬਾਰ 200 ਕਰੋੜ ਦੇ ਕਲੱਬ ‘ਚ ਦਾਖਲ ਹੋ ਗਿਆ ਹੈ। ਇੱਥੇ ਪਹਿਲੇ ਦਿਨ 140 ਕਰੋੜ ਦੀ ਕਮਾਈ ਕਰਨ ਵਾਲੀ ਆਦਿਪੁਰਸ਼ ਦੂਜੇ ਦਿਨ ਸਿਰਫ਼ 100 ਕਰੋੜ ਹੀ ਕਮਾ ਸਕੀ। ਇਸ ਤਰ੍ਹਾਂ ਦੂਜੇ ਦਿਨ ਹੀ ਫਿਲਮ ਦੀ ਕਮਾਈ ‘ਚ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।