ਪੰਜਾਬ ‘ਚ ਬਿਜਲੀ ਦੀ ਖਪਤ ‘ਚ ਰਿਕਾਰਡ 43 ਫੀਸਦੀ ਵਾਧਾ, AIPEF ਨੇ ਗੰਭੀਰ ਸੰਕਟ ਦਾ ਖਦਸ਼ਾ ਪ੍ਰਗਟਾਇਆ

ਪੰਜਾਬ ‘ਚ ਬਿਜਲੀ ਦੀ ਖਪਤ ‘ਚ ਰਿਕਾਰਡ 43 ਫੀਸਦੀ ਵਾਧਾ, AIPEF ਨੇ ਗੰਭੀਰ ਸੰਕਟ ਦਾ ਖਦਸ਼ਾ ਪ੍ਰਗਟਾਇਆ

ਇਸਦੇ ਮੱਦੇਨਜ਼ਰ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਦਫ਼ਤਰਾਂ ਦਾ ਸਮਾਂ ਤੁਰੰਤ ਪ੍ਰਭਾਵ ਨਾਲ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲਣ ਦਾ ਸੁਝਾਅ ਦਿੱਤਾ ਹੈ।

ਇਸ ਸਮੇਂ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਭਾਰੀ ਗਰਮੀ ਦੇ ਦਰਮਿਆਨ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਜੂਨ ਮਹੀਨੇ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਖਪਤ ਵਿੱਚ ਰਿਕਾਰਡ 43 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਥਿਤੀ ਇਹ ਹੈ ਕਿ ਜੂਨ 2023 ਵਿੱਚ ਜਿੱਥੇ ਬਿਜਲੀ ਦੀ ਸਭ ਤੋਂ ਵੱਧ ਮੰਗ 11309 ਮੈਗਾਵਾਟ ਦਰਜ ਕੀਤੀ ਗਈ ਸੀ, ਇਸ ਵਾਰ ਇਹ 15775 ਮੈਗਾਵਾਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਗਰਿੱਡ ’ਤੇ ਲੋਡ ਵਧਣ ਕਾਰਨ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਦਫ਼ਤਰਾਂ ਦਾ ਸਮਾਂ ਤੁਰੰਤ ਪ੍ਰਭਾਵ ਨਾਲ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲਣ ਦਾ ਸੁਝਾਅ ਦਿੱਤਾ ਹੈ।

ਫੈਡਰੇਸ਼ਨ ਦੇ ਚੇਅਰਮੈਨ ਸ਼ੈਲੇਂਦਰ ਦੂਬੇ ਅਨੁਸਾਰ ਦਫ਼ਤਰਾਂ ਦੇ ਨਾਲ-ਨਾਲ ਸ਼ਾਪਿੰਗ ਮਾਲ ਅਤੇ ਦੁਕਾਨਾਂ ਵੀ ਸ਼ਾਮ ਸੱਤ ਵਜੇ ਤੱਕ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਨਾਲ ਹੀ, ਉਦਯੋਗਾਂ ‘ਤੇ ਪੀਕ ਲੋਡ ਪਾਬੰਦੀਆਂ ਹੋਣੀਆਂ ਚਾਹੀਦੀਆਂ ਹਨ। ਸਭ ਤੋਂ ਮਹੱਤਵਪੂਰਨ ਪਹਿਲ ਕੇਂਦਰ ਪੂਲ ਤੋਂ ਪੰਜਾਬ ਲਈ ਵਾਧੂ 1000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰਨਾ ਹੈ। ਸਰਕਾਰ ਨੂੰ ਇਸ ਸਬੰਧੀ ਤੁਰੰਤ ਕੇਂਦਰੀ ਬਿਜਲੀ ਮੰਤਰਾਲੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਫੈਡਰੇਸ਼ਨ ਅਨੁਸਾਰ ਬਿਜਲੀ ਸਪਲਾਈ ਅਤੇ ਉਪਲਬਧਤਾ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਜੂਨ ਦੇ ਅੰਤ ਤੱਕ ਜਦੋਂ ਪੂਰੇ ਪੰਜਾਬ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ ਤਾਂ ਬਿਜਲੀ ਸੰਕਟ ਗੰਭੀਰ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਫੈਡਰੇਸ਼ਨ ਵੱਲੋਂ ਸੁਝਾਏ ਗਏ ਕਦਮਾਂ ਨੂੰ ਤੁਰੰਤ ਪ੍ਰਭਾਵ ਨਾਲ ਚੁੱਕ ਕੇ ਸਥਿਤੀ ਨੂੰ ਸਹੀ ਦਿਸ਼ਾ ਵਿੱਚ ਲਿਆਉਣ ਦੀ ਲੋੜ ਹੈ।