ਪਾਕਿਸਤਾਨ : ਬਲੋਚਿਸਤਾਨ ‘ਚ ਮਸਜਿਦ ਨੇੜੇ ਹੋਇਆ ਆਤਮਘਾਤੀ ਧਮਾਕਾ, 52 ਲੋਕਾਂ ਦੀ ਹੋਈ ਮੌਤ

ਪਾਕਿਸਤਾਨ : ਬਲੋਚਿਸਤਾਨ ‘ਚ ਮਸਜਿਦ ਨੇੜੇ ਹੋਇਆ ਆਤਮਘਾਤੀ ਧਮਾਕਾ, 52 ਲੋਕਾਂ ਦੀ ਹੋਈ ਮੌਤ

ਪਾਕਿਸਤਾਨ ਦੇ ਅੰਤਰਿਮ ਗ੍ਰਹਿ ਮੰਤਰੀ ਸਰਫਰਾਜ਼ ਅਹਿਮਦ ਬੁਗਤੀ ਨੇ ਧਮਾਕੇ ਵਿੱਚ ਜਾਨਾਂ ਗੁਆਉਣ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ ਅਤੇ ਧਮਾਕੇ ਦੀ ਨਿੰਦਾ ਕੀਤੀ ਹੈ। ਬੁਗਤੀ ਨੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਜਾਂ ਵਿਸ਼ਵਾਸ ਨਹੀਂ ਹੁੰਦਾ ਹੈ।


ਪਾਕਿਸਤਾਨ ਦੇ ਬਲੋਚਿਸਤਾਨ ‘ਚ ਸ਼ੁੱਕਰਵਾਰ ਨੂੰ ਇਕ ਮਸਜਿਦ ਨੇੜੇ ਆਤਮਘਾਤੀ ਹਮਲਾ ਹੋਇਆ। ਇਸ ਵਿੱਚ ਇੱਕ ਡੀਐਸਪੀ ਸਮੇਤ 52 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। ਹਮਲੇ ਦੇ ਸਮੇਂ ਲੋਕ ਈਦ-ਏ-ਮਿਲਾਦ-ਉਨ-ਨਬੀ ਦੇ ਜਲੂਸ ਲਈ ਇਕੱਠੇ ਹੋ ਰਹੇ ਸਨ।

ਮਸਤੁੰਗ ਸ਼ਹਿਰ ਦੇ ਏਸੀ ਨੇ ਦੱਸਿਆ ਕਿ ਧਮਾਕਾ ਡੀਐਸਪੀ ਨਵਾਜ਼ ਗਿਸ਼ਕੋਰੀ ਦੀ ਕਾਰ ਕੋਲ ਹੋਇਆ। ਖਬਰਾਂ ਮੁਤਾਬਕ ਹਮਲੇ ਵਿੱਚ ਮਰਨ ਵਾਲਾ ਪੁਲਿਸ ਅਧਿਕਾਰੀ ਡੀਐਸਪੀ ਨਵਾਜ਼ ਹੈ। ਬਲੋਚਿਸਤਾਨ ਦੇ ਕਾਰਜਕਾਰੀ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਕਰਾਚੀ ਸ਼ਿਫਟ ਕਰ ਦਿੱਤਾ ਜਾਵੇਗਾ। ਜ਼ਖਮੀਆਂ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਚੁੱਕੇਗੀ।

ਬਲੋਚਿਸਤਾਨ ਦੇ ਮੁੱਖ ਮੰਤਰੀ ਨੇ ਪੂਰੇ ਸੂਬੇ ਵਿੱਚ 3 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਅੰਤਰਿਮ ਗ੍ਰਹਿ ਮੰਤਰੀ ਸਰਫਰਾਜ਼ ਅਹਿਮਦ ਬੁਗਤੀ ਨੇ ਧਮਾਕੇ ਵਿੱਚ ਜਾਨਾਂ ਗੁਆਉਣ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ ਅਤੇ ਧਮਾਕੇ ਦੀ ਨਿੰਦਾ ਕੀਤੀ ਹੈ। ਬੁਗਤੀ ਨੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਜਾਂ ਵਿਸ਼ਵਾਸ ਨਹੀਂ ਹੁੰਦਾ ਅਤੇ ਬਚਾਅ ਮੁਹਿੰਮ ਦੌਰਾਨ ਸਾਰੇ ਸਾਧਨ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੇ ਇਲਾਜ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਅੱਤਵਾਦੀ ਅਨਸਰ ਕਿਸੇ ਰਿਆਇਤ ਦੇ ਹੱਕਦਾਰ ਨਹੀਂ ਹਨ।

ਮਸਤੁੰਗ ਦੇ ਅਸਿਸਟੈਂਟ ਕਮਿਸ਼ਨਰ ਅਤਾਹੁਲ ਮੁਨੀਮ ਨੇ ਦੱਸਿਆ ਹੈ ਕਿ ਬਲੋਚਿਸਤਾਨ ਦੇ ਮਸਤੁੰਗ ‘ਚ ਅਲ ਫਲਾਹ ਰੋਡ ‘ਤੇ ਸਥਿਤ ਮਦੀਨਾ ਮਸਜਿਦ ਨੇੜੇ ਧਮਾਕਾ ਹੋਇਆ। ਇਹ ਘਟਨਾ ਉਦੋਂ ਵਾਪਰੀ ਜਦੋਂ ਲੋਕ ਈਦ ਮਿਲਾਦ-ਉਨ-ਨਬੀ ਦੇ ਮੌਕੇ ‘ਤੇ ਜਲੂਸ ਕੱਢਣ ਲਈ ਉੱਥੇ ਇਕੱਠੇ ਹੋ ਰਹੇ ਸਨ।