ਚੰਡੀਗੜ੍ਹ ਮੇਅਰ ਚੋਣ ਦੇ ਨਤੀਜਿਆਂ ਨੂੰ ਲੈ ਕੇ ‘ਆਪ’ ਪਾਰਟੀ ਭਲਕੇ ਦਿੱਲੀ ‘ਚ ਕਰੇਗੀ ਵੱਡਾ ਪ੍ਰਦਰਸ਼ਨ, ਕੇਜਰੀਵਾਲ ਤੇ ਭਗਵੰਤ ਮਾਨ ਵੀ ਕਰਨਗੇ ਸ਼ਿਰਕਤ

ਚੰਡੀਗੜ੍ਹ ਮੇਅਰ ਚੋਣ ਦੇ ਨਤੀਜਿਆਂ ਨੂੰ ਲੈ ਕੇ ‘ਆਪ’ ਪਾਰਟੀ ਭਲਕੇ ਦਿੱਲੀ ‘ਚ ਕਰੇਗੀ ਵੱਡਾ ਪ੍ਰਦਰਸ਼ਨ, ਕੇਜਰੀਵਾਲ ਤੇ ਭਗਵੰਤ ਮਾਨ ਵੀ ਕਰਨਗੇ ਸ਼ਿਰਕਤ

ਇਸ ਪ੍ਰਦਰਸ਼ਨ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿੱਸਾ ਲੈਣਗੇ। ਇਹ ਪ੍ਰਦਰਸ਼ਨ ਭਾਜਪਾ ਹੈੱਡਕੁਆਰਟਰ ‘ਤੇ ਕੀਤਾ ਜਾਵੇਗਾ।

ਚੰਡੀਗੜ੍ਹ ਮੇਅਰ ਚੋਣ ਦੇ ਨਤੀਜਿਆਂ ਨੂੰ ਲੈ ਕੇ ‘ਆਪ’ ਨੇ ਭਾਜਪਾ ਖਿਲਾਫ ਆਪਣੀ ਕਮਰ ਕਸ ਲਈ ਹੈ। ਆਮ ਆਦਮੀ ਪਾਰਟੀ ਸ਼ੁੱਕਰਵਾਰ ਨੂੰ ਦਿੱਲੀ ‘ਚ ਵੱਡਾ ਪ੍ਰਦਰਸ਼ਨ ਕਰੇਗੀ। ਇਸ ਪ੍ਰਦਰਸ਼ਨ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿੱਸਾ ਲੈਣਗੇ। ਇਹ ਪ੍ਰਦਰਸ਼ਨ ਭਾਜਪਾ ਹੈੱਡਕੁਆਰਟਰ ‘ਤੇ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਚੰਡੀਗੜ੍ਹ ਵਿੱਚ ਭਾਜਪਾ ਵੱਲੋਂ ਮੇਅਰ ਦੀ ਧੋਖੇ ਨਾਲ ਨਿਯੁਕਤੀ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਹੋਈਆਂ ਚੰਡੀਗੜ੍ਹ ਮੇਅਰ ਚੋਣਾਂ ਵਿੱਚ ‘ਆਪ’-ਕਾਂਗਰਸ ਗਠਜੋੜ ਸਭ ਤੋਂ ਵੱਧ ਕੌਂਸਲਰ ਹੋਣ ਦੇ ਬਾਵਜੂਦ ਚੋਣ ਹਾਰ ਗਿਆ ਸੀ। ਚੰਡੀਗੜ੍ਹ ਮੇਅਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਅਤੇ ‘ਆਪ’ ਦੇ ਕੌਂਸਲਰਾਂ ਨੇ ਵੀ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ‘ਤੇ ਧਾਂਦਲੀ ਅਤੇ ਸਹੀ ਚੋਣ ਪ੍ਰਕਿਰਿਆ ਦੀ ਪਾਲਣਾ ਨਾ ਕਰਨ ਦੇ ਦੋਸ਼ ਲਗਾਏ ਹਨ। ਇਹ ਮਾਮਲਾ ਹਾਈ ਕੋਰਟ ਤੱਕ ਵੀ ਪਹੁੰਚਿਆ, ਜਿਸਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਤੋਂ ਤਿੰਨ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।

ਇਸਤੋਂ ਪਹਿਲਾ ਕੁਰੂਕਸ਼ੇਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਕਰਵਾਈ ਗਈ ਹੈ। ਹਾਰਨ ਵਾਲੇ ਹਮੇਸ਼ਾ ਬੇਬੁਨਿਆਦ ਦੋਸ਼ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇਸ ਸਮੇਂ ਕਾਂਗਰਸ ਤਬਾਹੀ ਦੇ ਕੰਢੇ ‘ਤੇ ਹੈ। ਉਨ੍ਹਾਂ ਕੋਲ ਜਨਤਾ ਨਾਲ ਸਾਂਝਾ ਕਰਨ ਲਈ ਕੁਝ ਨਹੀਂ ਹੈ। ਜਨਤਾ ਨੂੰ ਗੁੰਮਰਾਹ ਕਰਨ ਦੇ ਯਤਨ ਕੀਤੇ ਜਾਂਦੇ ਹਨ, ਪਰ ਜਨਤਾ ਸਭ ਕੁਝ ਜਾਣਦੀ ਹੈ।