ਅਮਿਤ ਸ਼ਾਹ ਦੀ ਅੱਜ ਕੋਲਕਾਤਾ ‘ਚ ਰੈਲੀ, ਮਮਤਾ ਸਰਕਾਰ ਨੇ ਨਹੀਂ ਦਿੱਤੀ ਸੀ ਇਜਾਜ਼ਤ, ਕਲਕੱਤਾ ਹਾਈਕੋਰਟ ਤੋਂ ਮਿਲੀ ਇਜਾਜ਼ਤ

ਅਮਿਤ ਸ਼ਾਹ ਦੀ ਅੱਜ ਕੋਲਕਾਤਾ ‘ਚ ਰੈਲੀ, ਮਮਤਾ ਸਰਕਾਰ ਨੇ ਨਹੀਂ ਦਿੱਤੀ ਸੀ ਇਜਾਜ਼ਤ, ਕਲਕੱਤਾ ਹਾਈਕੋਰਟ ਤੋਂ ਮਿਲੀ ਇਜਾਜ਼ਤ

ਭਾਜਪਾ ਨੇ ਦਾਅਵਾ ਕੀਤਾ ਹੈ ਕਿ ਇਸ ਰੈਲੀ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ। ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਸੀ ਕਿ ਅਮਿਤ ਸ਼ਾਹ ਅਗਲੇ ਸਾਲ ਬੰਗਾਲ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਾਹੌਲ ਤਿਆਰ ਕਰ ਸਕਦੇ ਹਨ।

ਦੇਸ਼ ‘ਚ 2024 ਦੀਆਂ ਲੋਕ ਸਭਾ ਚੋਣਾਂ ਦਾ ਵਿਗੁਲ ਵੱਜ ਚੁਕਿਆ ਹੈ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਗੜ੍ਹ ਵਿੱਚ ਰੈਲੀ ਕਰਨਗੇ। ਇਹ ਰੈਲੀ ਵਿਕਟੋਰੀਆ ਹਾਊਸ ਕੋਲਕਾਤਾ ਦੇ ਸਾਹਮਣੇ ਹੋਵੇਗੀ। ਅਮਿਤ ਸ਼ਾਹ 29 ਨਵੰਬਰ ਬੁੱਧਵਾਰ ਦੁਪਹਿਰ ਨੂੰ ਹਵਾਈ ਅੱਡੇ ‘ਤੇ ਪਹੁੰਚਣਗੇ ਅਤੇ ਹੈਲੀਕਾਪਟਰ ਰਾਹੀਂ ਸਿੱਧੇ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ।

ਭਾਜਪਾ ਨੇ ਦਾਅਵਾ ਕੀਤਾ ਹੈ ਕਿ ਇਸ ਰੈਲੀ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ। ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਸੀ ਕਿ ਅਮਿਤ ਸ਼ਾਹ ਅਗਲੇ ਸਾਲ ਬੰਗਾਲ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਾਹੌਲ ਤਿਆਰ ਕਰ ਸਕਦੇ ਹਨ। ਅਪ੍ਰੈਲ ਵਿੱਚ ਇੱਕ ਰੈਲੀ ਦੌਰਾਨ ਬੰਗਾਲ ਵਿੱਚ 35 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਭਾਜਪਾ ਨੇ 2019 ‘ਚ ਰਾਜ ਦੀਆਂ 42 ਸੰਸਦੀ ਸੀਟਾਂ ‘ਚੋਂ 18 ‘ਤੇ ਜਿੱਤ ਦਰਜ ਕੀਤੀ ਸੀ। ਮਮਤਾ ਬੈਨਰਜੀ ਦੀ ਸਰਕਾਰ ਨੇ ਇਸ ਰੈਲੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਸੂਬਾ ਭਾਜਪਾ ਨੇ ਕਲਕੱਤਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸਿੰਗਲ ਬੈਂਚ ਨੇ ਰੈਲੀ ਦੀ ਇਜਾਜ਼ਤ ਦੇ ਦਿੱਤੀ ਸੀ।

ਇਸ ਤੋਂ ਬਾਅਦ ਰਾਜ ਸਰਕਾਰ ਨੇ ਇਸ ਫੈਸਲੇ ਖਿਲਾਫ ਉਪਰਲੀ ਬੈਂਚ ‘ਚ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਚੀਫ਼ ਜਸਟਿਸ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਬੇਲੋੜੀਆਂ ਸਮੱਸਿਆਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਕੋਲਕਾਤਾ ਵਿੱਚ ਅਜਿਹੀਆਂ ਕਈ ਮੀਟਿੰਗਾਂ ਅਤੇ ਰੈਲੀਆਂ ਹੋਈਆਂ ਹਨ, ਜਿਨ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਨ੍ਹਾਂ ਰੈਲੀਆਂ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਠੱਪ ਹੋ ਕੇ ਰਹਿ ਗਈ ਸੀ ਅਤੇ ਪੁਲਸ ਵੀ ਇਸ ਨੂੰ ਕਾਬੂ ਨਹੀਂ ਕਰ ਸਕੀ ਸੀ। ਇਸਦੇ ਨਾਲ ਹੀ ਅਦਾਲਤ ਨੇ ਮਮਤਾ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ 29 ਨਵੰਬਰ ਨੂੰ ਭਾਜਪਾ ਨੂੰ ਬੈਠਕ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।