ਅਰਵਿੰਦ ਕੇਜਰੀਵਾਲ 15 ਅਪ੍ਰੈਲ ਤੱਕ ਤਿਹਾੜ ਜੇਲ ਭੇਜੇ ਗਏ, 6 ਲੋਕਾਂ ਨੂੰ ਮਿਲ ਸਕਣਗੇ, ਜਿਨ੍ਹਾਂ ‘ਚ ਪਤਨੀ, ਪੁੱਤਰ-ਧੀ ਅਤੇ 3 ਨਜ਼ਦੀਕੀਆਂ ਦੇ ਨਾਂ ਸ਼ਾਮਿਲ ਹਨ

ਅਰਵਿੰਦ ਕੇਜਰੀਵਾਲ 15 ਅਪ੍ਰੈਲ ਤੱਕ ਤਿਹਾੜ ਜੇਲ ਭੇਜੇ ਗਏ, 6 ਲੋਕਾਂ ਨੂੰ ਮਿਲ ਸਕਣਗੇ, ਜਿਨ੍ਹਾਂ ‘ਚ ਪਤਨੀ, ਪੁੱਤਰ-ਧੀ ਅਤੇ 3 ਨਜ਼ਦੀਕੀਆਂ ਦੇ ਨਾਂ ਸ਼ਾਮਿਲ ਹਨ

ਈਡੀ ਨੇ ਕਿਹਾ ਕਿ ਕੇਜਰੀਵਾਲ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੇ ਹਨ। ਉਹ ਸਾਨੂੰ ਗੁੰਮਰਾਹ ਕਰ ਰਹੇ ਹਨ।

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੋਮਵਾਰ ਨੂੰ ਸੀਐਮ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਆਬਕਾਰੀ ਨੀਤੀ ਮਾਮਲੇ ਵਿੱਚ 15 ਅਪ੍ਰੈਲ ਤੱਕ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। ਉਹ ਜੇਲ੍ਹ ਨੰਬਰ 2 ਵਿੱਚ ਇਕੱਲੇ ਰਹਿਣਗੇ। 21 ਮਾਰਚ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਬੰਧਤ ਦੋ ਕੇਸਾਂ ਦੀ ਸੁਣਵਾਈ ਰੌਜ਼ ਐਵੇਨਿਊ ਕੋਰਟ ਅਤੇ ਦਿੱਲੀ ਹਾਈ ਕੋਰਟ ਵਿੱਚ ਹੋਈ।

ਕੇਜਰੀਵਾਲ ਨੇ ਜੇਲ੍ਹ ਪ੍ਰਸ਼ਾਸਨ ਨੂੰ 6 ਲੋਕਾਂ ਦੀ ਸੂਚੀ ਦਿੱਤੀ ਹੈ ਜੋ ਕਾਨੂੰਨ ਤਹਿਤ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਸੂਚੀ ‘ਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਬੇਟੇ ਪੁਲਕਿਤ-ਧੀ ਹਰਸ਼ਿਤਾ, ਨਿਜੀ ਸਕੱਤਰ ਵਿਭਵ ਕੁਮਾਰ, ‘ਆਪ’ ਦੇ ਜਨਰਲ ਸਕੱਤਰ ਸੰਦੀਪ ਪਾਠਕ ਅਤੇ ਇਕ ਦੋਸਤ ਦੇ ਨਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਰਾਉਸ ਐਵੇਨਿਊ ਕੋਰਟ ‘ਚ ਈਡੀ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਜੇ ਨਾਇਰ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦੇ ਸਨ।

ਈਡੀ ਨੇ ਕਿਹਾ ਕਿ ਕੇਜਰੀਵਾਲ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੇ ਹਨ। ਉਹ ਸਾਨੂੰ ਗੁੰਮਰਾਹ ਕਰ ਰਹੇ ਹਨ। ਇਸ ‘ਤੇ ਅਦਾਲਤ ਨੇ ਪੁੱਛਿਆ ਕਿ ਨਿਆਂਇਕ ਹਿਰਾਸਤ ਲਈ ਇਹ ਦਲੀਲਾਂ ਕਿੰਨੀਆਂ ਜਾਇਜ਼ ਹਨ? ਏਐਸਜੀ ਰਾਜੂ ਨੇ ਕਿਹਾ ਕਿ ਕੇਜਰੀਵਾਲ ਆਪਣੇ ਫ਼ੋਨ ਦਾ ਪਾਸਵਰਡ ਸਾਂਝਾ ਨਹੀਂ ਕਰ ਰਹੇ ਹਨ। ਅਸੀਂ ਬਾਅਦ ਵਿੱਚ ਉਨ੍ਹਾਂ ਦੀ ਈਡੀ ਦੀ ਹਿਰਾਸਤ ਦੀ ਮੰਗ ਕਰਾਂਗੇ। ਇਹ ਸਾਡਾ ਹੱਕ ਹੈ। ਇਸ ਤੋਂ ਬਾਅਦ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ।

ਕੇਜਰੀਵਾਲ ਦੇ ਵਕੀਲ ਰਮੇਸ਼ ਗੁਪਤਾ ਨੇ ਅਦਾਲਤ ਨੂੰ ਕਿਹਾ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ 3 ਕਿਤਾਬਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ – ਗੀਤਾ, ਰਾਮਾਇਣ ਅਤੇ ਨੀਰਜਾ ਚੌਧਰੀ ਦੀ ਕਿਤਾਬ ਹਾਉ ਪ੍ਰਾਈਮ ਮਿਨਿਸਟਰਸ ਡਿਸਾਈਡ ਸ਼ਾਮਿਲ ਹਨ। ਸੁਣਵਾਈ ਦੌਰਾਨ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਦਿੱਲੀ ਦੀ ਮੰਤਰੀ ਆਤਿਸ਼ੀ, ਗੋਪਾਲ ਰਾਏ ਅਤੇ ਸੌਰਭ ਭਾਰਦਵਾਜ ਵੀ ਅਦਾਲਤ ਵਿੱਚ ਮੌਜੂਦ ਸਨ।