ਅਸ਼ਨੀਰ ਗਰੋਵਰ ਨੇ 12 ਜੱਜਾਂ ਵਾਲੇ ਸ਼ਾਰਕ ਟੈਂਕ ਸ਼ੋਅ ‘ਤੇ ਕਸੀਆਂ ਤਨਜ਼, ਕਿਹਾ ਸ਼ਾਰਕ ਟੈਂਕ 3 ਹੁਣ ਬਣਿਆ ਆਡੀਸ਼ਨ ਸ਼ੋਅ

ਅਸ਼ਨੀਰ ਗਰੋਵਰ ਨੇ 12 ਜੱਜਾਂ ਵਾਲੇ ਸ਼ਾਰਕ ਟੈਂਕ ਸ਼ੋਅ ‘ਤੇ ਕਸੀਆਂ ਤਨਜ਼, ਕਿਹਾ ਸ਼ਾਰਕ ਟੈਂਕ 3 ਹੁਣ ਬਣਿਆ ਆਡੀਸ਼ਨ ਸ਼ੋਅ

ਅਸ਼ਨੀਰ ਗਰੋਵਰ ਨੇ ਸ਼ਾਰਕ ਟੈਂਕ ਇੰਡੀਆ ਸ਼ੋਅ ਨੂੰ ਇੱਕ ਸਾਲ ਪਹਿਲਾਂ ਛੱਡ ਦਿੱਤਾ ਸੀ, ਪਰ ਫਿਰ ਵੀ ਸਮੇਂ-ਸਮੇਂ ‘ਤੇ ਉਹ ਇਸ ਬਿਜ਼ਨੈਸ ਰਿਐਲਿਟੀ ਸ਼ੋਅ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ।

ਸ਼ਾਰਕ ਟੈਂਕ ਇੰਡੀਆ ਦੇ ਪਿੱਛਲੇ ਸੀਜ਼ਨ ਕਾਫੀ ਪਸੰਦ ਕੀਤੇ ਜਾ ਚੁਕੇ ਹਨ। ਹੁਣ ਸ਼ਾਰਕ ਟੈਂਕ ਇੰਡੀਆ ਦਾ ਸੀਜ਼ਨ 3 ਜਲਦ ਹੀ ਦਰਸ਼ਕਾਂ ਦੇ ਸਾਹਮਣੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸ਼ੋਅ ਦੀ ਜਨਵਰੀ 2023 ਤੋਂ ਆਨ ਏਅਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਹਾਲ ਹੀ ਵਿੱਚ ਇੱਕ ਨਵੇਂ ਜੱਜ ਦੀ ਐਂਟਰੀ ਦੀ ਖ਼ਬਰ ਸਾਹਮਣੇ ਆਈ ਹੈ।

ਸ਼ਾਰਕ ਟੈਂਕ ਇੰਡੀਆ ਨੇ ਇੰਸਟਾਗ੍ਰਾਮ ਅਤੇ ਐਕਸ ਪੋਸਟ ਦੁਆਰਾ ਸ਼ੋਅ ਵਿੱਚ ਜੱਜ ਵਜੋਂ ਆਉਣ ਵਾਲੀ ਐਡਲਵਾਈਸ ਮਿਉਚੁਅਲ ਫੰਡ ਦੀ ਐਮਡੀ ਅਤੇ ਸੀਈਓ ਰਾਧਿਕਾ ਗੁਪਤਾ ਬਾਰੇ ਜਾਣਕਾਰੀ ਦਿੱਤੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਮੇਤ ਸ਼ਾਰਕ ਟੈਂਕ ਇੰਡੀਆ ‘ਚ ਕੁੱਲ 12 ਜੱਜ ਹਨ। ਸ਼ੋਅ ਦੇ ਸਾਬਕਾ ਜੱਜ ਅਤੇ ਭਾਰਤ ਪੇ ਦੇ ਸਾਬਕਾ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੇ ਇਸ ਮੁੱਦੇ ‘ਤੇ ਚੁਟਕੀ ਲਈ ਹੈ। ਐਕਸ ‘ਤੇ ਇੱਕ ਪੋਸਟ ਵਿੱਚ, ਅਸ਼ਨੀਰ ਗਰੋਵਰ ਨੇ ਲਿਖਿਆ ਕਿ ਸ਼ਾਰਕ ਟੈਂਕ 3 ਅਸਲ ਵਿੱਚ ਸ਼ਾਰਕ ਟੈਂਕ 4 ਲਈ ਆਡੀਸ਼ਨ ਦੇਣ ਵਾਲੀ ਸ਼ਾਰਕ ਹੈ। ਦਰਅਸਲ, ਅਸ਼ਨੀਰ ਗਰੋਵਰ ਨੇ ਸ਼ਾਰਕ ਟੈਂਕ ਇੰਡੀਆ ਸ਼ੋਅ ਨੂੰ ਇੱਕ ਸਾਲ ਪਹਿਲਾਂ ਛੱਡ ਦਿੱਤਾ ਸੀ, ਪਰ ਫਿਰ ਵੀ ਸਮੇਂ-ਸਮੇਂ ‘ਤੇ ਇਸ ਬਿਜ਼ਨੈਸ ਰਿਐਲਿਟੀ ਸ਼ੋਅ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ।

ਸ਼ਾਰਕ ਟੈਂਕ ਇੰਡੀਆ ਦਾ ਸੀਜ਼ਨ 3 ਸੋਨੀ ਲਿਵ ‘ਤੇ ਸਟ੍ਰੀਮ ਕੀਤਾ ਜਾਵੇਗਾ। ਸ਼ਾਰਕ ਟੈਂਕ ਇੰਡੀਆ ਦੇ ਇਸ ਸੀਜ਼ਨ ਵਿੱਚ ਰਾਧਿਕਾ ਗੁਪਤਾ ਤੋਂ ਇਲਾਵਾ ਹੋਰ ਵੀ ਕਈ ਨਵੇਂ ਜੱਜ ਆਏ ਹਨ। ਇਸ ਵਿੱਚ, OYO ਰੂਮਜ਼ ਦੇ ਸੰਸਥਾਪਕ ਅਤੇ ਸੀਈਓ ਰਿਤੇਸ਼ ਅਗਰਵਾਲ, ਜ਼ੋਮੈਟੋ ਦੇ ਸਹਿ-ਸੰਸਥਾਪਕ ਅਤੇ ਸੀਈਓ ਦੀਪਿੰਦਰ ਗੋਇਲ, ਇਨਸ਼ੌਰਟਸ ਦੇ ਸਹਿ-ਸੰਸਥਾਪਕ ਅਤੇ ਸੀਈਓ ਅਜ਼ਹਰ ਇਕਬਾਲ ਦੇ ਨਾਲ ਫਿਲਮ ਨਿਰਮਾਤਾ ਰੋਨੀ ਸਕ੍ਰੂਵਾਲਾ ਅਤੇ ਐਕੋ ਜਨਰਲ ਇੰਸ਼ੋਰੈਂਸ ਦੇ ਸੀਈਓ ਵਰੁਣ ਦੁਆ ਵੀ ਇਸ ਸਾਲ ਸ਼ਾਰਕ ਟੈਂਕ ਇੰਡੀਆ ਵਿੱਚ ਸ਼ਾਮਲ ਹੋ ਰਹੇ ਹਨ।

ਸ਼ਾਰਕ ਟੈਂਕ ਇੰਡੀਆ ਵਿੱਚ ਸ਼ਾਦੀ ਡਾਟ ਕਾਮ ਦੇ ਸੰਸਥਾਪਕ ਅਨੁਪਮ ਮਿੱਤਲ, ਲੈਂਸਕਾਰਟ ਦੇ ਸੰਸਥਾਪਕ ਪੀਯੂਸ਼ ਬਾਂਸਲ , ਕਾਰ ਦੇਖੋ ਦੇ ਸਹਿ-ਸੰਸਥਾਪਕ ਅਤੇ ਸੀਈਓ ਅਮਨ ਜੈਨ, , ਬੋਟ ਦੇ ਸਹਿ-ਸੰਸਥਾਪਕ ਅਤੇ ਸੀਈਓ ਅਮਨ ਗੁਪਤਾ, ਐਮ ਕਿਉਰ ਦੀ ਐਮਡੀ ਨਮਿਤਾ ਥਾਪਰ, ਸ਼ੂਗਰ ਕਾਸਮੈਟਿਕਸ ਦੀ ਸਹਿ-ਸੰਸਥਾਪਕ ਅਤੇ ਸੀਈਓ ਵਿਨੀਤਾ ਸਿੰਘ ਪਹਿਲਾਂ ਹੀ ਸ਼ਾਰਕ ਟੈਂਕ ਦੇ ਜੱਜਾਂ ਦੇ ਪੈਨਲ ਵਿੱਚ ਸ਼ਾਮਲ ਹਨ।