- ਪੰਜਾਬ
- No Comment
ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ‘ਚ ਪ੍ਰੀ-ਵੈਡਿੰਗ ਸ਼ੂਟ ਤੇ ਵੀਡੀਓ ਰੀਲ ਬਣਾਉਣ ‘ਤੇ ਪਾਬੰਦੀ, ਉਲੰਘਣਾ ਕਰਨ ‘ਤੇ ਹੋਵੇਗਾ ਕੇਸ ਦਰਜ
ਹੈਰੀਟੇਜ ਸਟਰੀਟ ‘ਤੇ ਪ੍ਰੀ-ਵੈਡਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਸਿੱਖ ਸੰਗਤ ਨੇ ਇਤਰਾਜ਼ ਕੀਤਾ ਸੀ।
ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਹੈਰੀਟੇਜ ਸਟਰੀਟ ‘ਚ ਪ੍ਰੀ-ਵੈਡਿੰਗ ਸ਼ੂਟ ਕਰਨ ਜਾਂ ਵੀਡੀਓ ਰੀਲਾਂ ਬਣਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਹੁਣ ਵੀਡੀਓ ਰੀਲਾਂ ਜਾਂ ਕਿਸੇ ਹੋਰ ਤਰ੍ਹਾਂ ਦੀ ਵੀਡੀਓ ਬਣਾਉਣ ਵਾਲਿਆਂ ਖਿਲਾਫ ਪੁਲਸ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੰਜਾਬ ਪੁਲਿਸ ਨੇ ਹੈਰੀਟੇਜ ਸਟਰੀਟ ਵਿੱਚ ਕਈ ਥਾਵਾਂ ’ਤੇ ਬੋਰਡ ਵੀ ਲਾਏ ਹਨ।
ਹਾਲ ਹੀ ‘ਚ ਹੈਰੀਟੇਜ ਸਟਰੀਟ ‘ਤੇ ਪ੍ਰੀ-ਵੈਡਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਸਿੱਖ ਸੰਗਤ ਨੇ ਇਤਰਾਜ਼ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇੱਥੇ ਪ੍ਰੀ-ਵੈਡਿੰਗ ਸ਼ੂਟ ‘ਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਪਹਿਲਾਂ ਹੈਰੀਟੇਜ ਸਟਰੀਟ ਵਿੱਚ ਭੰਗੜਾ ਪਾਉਂਦੇ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਵੀ ਵੀ ਹਟਾਇਆ ਗਈਆਂ ਸਨ। ਇਨ੍ਹਾਂ ਨੂੰ ਇੱਥੋਂ ਹਟਾ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਗਾਇਆ ਗਿਆ ਹੈ।
ਸਿੱਖ ਜਥੇਬੰਦੀਆਂ ਨੇ ਵੀ ਇਨ੍ਹਾਂ ਕਲਾਕ੍ਰਿਤੀਆਂ ਨੂੰ ਪੰਥਕ ਮਰਿਆਦਾ ਦੇ ਵਿਰੁੱਧ ਦੱਸਿਆ ਸੀ। ਜਿਕਰਯੋਗ ਹੈ ਕਿ ਇਹ ਇਲਾਕਾ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਵਿਚ ਪ੍ਰੀ-ਵੈਡਿੰਗ ਫੋਟੋਸ਼ੂਟ ਲਈ ਹਾਟ ਸਪਾਟ ਬਣ ਰਿਹਾ ਸੀ। ਫੋਟੋਗ੍ਰਾਫਰ ਇੱਥੇ ਲਗਾਤਾਰ ਵਿਆਹ ਵਾਲੇ ਜੋੜਿਆਂ ਦੀਆਂ ਫੋਟੋਆਂ ਖਿੱਚ ਰਹੇ ਸਨ, ਜਿਸ ਦੇ ਖਿਲਾਫ ਸ਼ਰਧਾਲੂਆਂ ਅਤੇ ਹੋਰ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਸ਼੍ਰੋਮਣੀ ਕਮੇਟੀ ਨੇ ਇਸ ‘ਤੇ ਪਾਬੰਦੀ ਦਾ ਮੁੱਦਾ ਵੀ ਉਠਾਇਆ ਸੀ। ਜਿਸ ਤੋਂ ਬਾਅਦ ਥਾਣਾ ਕੋਤਵਾਲੀ ਪੁਲਿਸ ਨੇ ਉਕਤ ਇਲਾਕੇ ‘ਚ ਫੋਟੋਸ਼ੂਟ ਅਤੇ ਵੀਡੀਓ ਬਣਾਉਣ ‘ਤੇ ਪਾਬੰਦੀ ਵਾਲੇ ਬੋਰਡ ਲਗਾ ਦਿੱਤੇ ਹਨ।