ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ‘ਅਰਜੁਨ ਐਵਾਰਡ’ ਦੀ ਦੌੜ ‘ਚ ਸ਼ਾਮਲ ਹੋਏ ਮੁਹੰਮਦ ਸ਼ਮੀ, ਬੀ.ਸੀ.ਸੀ.ਆਈ. ਨੇ ਸ਼ਮੀ ਦਾ ਨਾਂ ਅੱਗੇ ਵਧਾਇਆ

ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ‘ਅਰਜੁਨ ਐਵਾਰਡ’ ਦੀ ਦੌੜ ‘ਚ ਸ਼ਾਮਲ ਹੋਏ ਮੁਹੰਮਦ ਸ਼ਮੀ, ਬੀ.ਸੀ.ਸੀ.ਆਈ. ਨੇ ਸ਼ਮੀ ਦਾ ਨਾਂ ਅੱਗੇ ਵਧਾਇਆ

ਮੁਹੰਮਦ ਸ਼ਮੀ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਇਲਾਵਾ ਉਸਨੇ ਵਿਸ਼ਵ ਕੱਪ ‘ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ ਹੈ।

ਮੁਹੰਮਦ ਸ਼ਮੀ ਦੇ ਵਨਡੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿਤਾ ਸੀ। ਮੁਹੰਮਦ ਸ਼ਮੀ ਵਨਡੇ ਵਿਸ਼ਵ ਕੱਪ 2023 ਵਿੱਚ ਭਾਰਤ ਲਈ ਹੀਰੋ ਸਾਬਤ ਹੋਏ। ਸ਼ਮੀ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਹੁਣ ਵਿਸ਼ਵ ਕੱਪ ‘ਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਖੇਡ ਖੇਤਰ ‘ਚ ਦਿੱਤੇ ਜਾਣ ਵਾਲੇ ਅਰਜੁਨ ਪੁਰਸਕਾਰ ਲਈ ਮੁਹੰਮਦ ਸ਼ਮੀ ਦਾ ਨਾਂ ਅੱਗੇ ਰੱਖਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਬੀਸੀਸੀਆਈ ਨੇ ਖੇਡ ਮੰਤਰਾਲੇ ਨੂੰ ਅਰਜੁਨ ਐਵਾਰਡ ਦੀ ਸੂਚੀ ਵਿੱਚ ਸ਼ਮੀ ਦਾ ਨਾਂ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ ਕਿਉਂਕਿ ਸ਼ਮੀ ਪਹਿਲਾਂ ਤੋਂ ਉਸ ਸੂਚੀ ਵਿੱਚ ਸ਼ਾਮਲ ਨਹੀਂ ਸੀ। ਅਰਜੁਨ ਐਵਾਰਡ ਖੇਡਾਂ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਹੈ।

ਖੇਡ ਮੰਤਰਾਲੇ ਨੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਅਤੇ ਅਰਜੁਨ ਪੁਰਸਕਾਰ ਸਮੇਤ ਇਸ ਸਾਲ ਦੇ ਖੇਡ ਪੁਰਸਕਾਰਾਂ ‘ਤੇ ਫੈਸਲਾ ਲੈਣ ਲਈ 12 ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਏ ਐਮ ਖਾਨਵਿਲਕਰ ਕਰਨਗੇ। ਉਨ੍ਹਾਂ ਤੋਂ ਇਲਾਵਾ ਕਮੇਟੀ ਵਿੱਚ ਕੁੱਲ 6 ਹੋਰ ਮੈਂਬਰ ਹੋਣਗੇ, ਜੋ ਸਾਬਕਾ ਅੰਤਰਰਾਸ਼ਟਰੀ ਐਥਲੀਟ ਹਨ।

ਵਿਸ਼ਵ ਕੱਪ 2023 ਵਿੱਚ, ਸ਼ਮੀ ਨੇ 7 ਮੈਚਾਂ ਵਿੱਚ 24 ਵਿਕਟਾਂ ਲਈਆਂ, ਜੋ ਕਿ ਟੂਰਨਾਮੈਂਟ ਵਿੱਚ ਕਿਸੇ ਵੀ ਗੇਂਦਬਾਜ਼ ਵੱਲੋਂ ਸਭ ਤੋਂ ਵੱਧ ਵਿਕਟਾਂ ਸਨ। ਵਿਸ਼ਵ ਕੱਪ ਦੇ ਪਹਿਲੇ ਚਾਰ ਮੈਚਾਂ ‘ਚ ਸ਼ਮੀ ਨੂੰ ਬੈਂਚ ‘ਤੇ ਆਰਾਮ ਕਰਦੇ ਦੇਖਿਆ ਗਿਆ ਸੀ। ਪਰ ਬੰਗਲਾਦੇਸ਼ ਦੇ ਖਿਲਾਫ ਚੌਥੇ ਲੀਗ ਮੈਚ ‘ਚ ਹਾਰਦਿਕ ਪੰਡਯਾ ਦੇ ਜ਼ਖਮੀ ਹੋਣ ਤੋਂ ਬਾਅਦ ਸ਼ਮੀ ਨੂੰ ਨਿਊਜ਼ੀਲੈਂਡ ਦੇ ਖਿਲਾਫ ਪੰਜਵੇਂ ਮੈਚ ਤੋਂ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਗਿਆ ਅਤੇ ਅੱਗੇ ਕੀ ਹੋਇਆ ਸਭ ਨੇ ਦੇਖਿਆ। ਸ਼ਮੀ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਇਲਾਵਾ ਉਸਨੇ ਵਿਸ਼ਵ ਕੱਪ ‘ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ।