ਪੰਜਾਬ ‘ਚ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ, ਫੜੇ ਜਾਣ ‘ਤੇ ਜਾਇਦਾਦ ਹੋਵੇਗੀ ਜ਼ਬਤ : ਸੀਐੱਮ ਭਗਵੰਤ ਮਾਨ

ਪੰਜਾਬ ‘ਚ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ, ਫੜੇ ਜਾਣ ‘ਤੇ ਜਾਇਦਾਦ ਹੋਵੇਗੀ ਜ਼ਬਤ : ਸੀਐੱਮ ਭਗਵੰਤ ਮਾਨ

ਮੁੱਖ ਮੰਤਰੀ ਨੇ ਡੀਜੀਪੀ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਮੁਲਾਜ਼ਮਾਂ ਦੀ ਘਾਟ ਨੂੰ ਦੂਰ ਕੀਤਾ ਜਾਵੇਗਾ ਅਤੇ ਦਸ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਜਲਦੀ ਹੀ ਭਰਤੀ ਕੀਤੀ ਜਾਵੇਗੀ।

ਸੀਐੱਮ ਭਗਵੰਤ ਮਾਨ ਨੇ ਨਸ਼ਿਆਂ ਖਿਲਾਫ ਸਖਤੀ ਕਰਨੀ ਸ਼ੁਰੂ ਕਰ ਦਿਤੀ ਹੈ। ਪੰਜਾਬ ਵਿੱਚ ਪਿਛਲੇ 14 ਦਿਨਾਂ ਵਿੱਚ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਨੇ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ‘ਸਿੱਧਾ’ ਬੋਲਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੁਲੀਸ ਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਉਪਰ ਉਠ ਕੇ ਕੰਮ ਕਰਨਾ ਚਾਹੀਦਾ ਹੈ। ਜੇਕਰ ਕੋਈ ਪੁਲਿਸ ਅਧਿਕਾਰੀ ਨਸ਼ਾ ਤਸਕਰੀ ਜਾਂ ਸਮੱਗਲਰਾਂ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਉਸਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਜਾਵੇਗਾ।

ਭਗਵੰਤ ਮਾਨ ਨੇ ਡੀਜੀਪੀ ਨੂੰ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੀ ਜਾਇਦਾਦ ਇੱਕ ਹਫ਼ਤੇ ਦੇ ਅੰਦਰ ਅੰਦਰ ਜ਼ਬਤ ਕੀਤੀ ਜਾਵੇ। ਜੇਕਰ ਇਸ ਸਬੰਧੀ ਕਾਨੂੰਨ ਵਿੱਚ ਕਿਸੇ ਤਰਮੀਮ ਦੀ ਲੋੜ ਹੈ ਤਾਂ ਕਿਰਪਾ ਕਰਕੇ ਦੱਸੋ, ਸਰਕਾਰ ਇਸ ਨੂੰ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਇਹ ਨਾ ਸੋਚਣ ਕਿ ਇਹ ਅੱਗ ਕਿਸੇ ਹੋਰ ਦੇ ਘਰ ਲੱਗੀ ਹੈ। ਇਹ ਅੱਗ ਸਾਡੇ ਹੀ ਘਰ ਵਿੱਚ ਲੱਗੀ ਹੈ। ਇਸ ‘ਤੇ ਡੀਜੀਪੀ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ‘ਚ 10 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਬਦਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਮਹੀਨਿਆਂ ਦੀ ਮੁਹਿੰਮ ਦੌਰਾਨ ਉਨ੍ਹਾਂ ਨੂੰ ਇਹ ਤੱਥ ਸਾਹਮਣੇ ਆਏ ਹਨ ਕਿ ਨਸ਼ਾ ਤਸਕਰਾਂ ਦੀ ਪੁਲਿਸ ਨਾਲ ਸਾਂਝ ਹੈ। ਅਜਿਹੇ ਕਰਮਚਾਰੀਆਂ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਡੀਜੀਪੀ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਮੁਲਾਜ਼ਮਾਂ ਦੀ ਘਾਟ ਨੂੰ ਦੂਰ ਕੀਤਾ ਜਾਵੇਗਾ ਅਤੇ ਦਸ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਜਲਦੀ ਹੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਫੋਰਸ ਵਿੱਚ ਜੋ ਗਿਣਤੀ ਸਾਲ 2000 ਵਿੱਚ ਸੀ, ਅੱਜ ਵੀ ਉਹੀ ਹੈ। ਇਸ ਨੂੰ ਵਧਾਉਣ ਦੀ ਲੋੜ ਹੈ।