ਅਮਿਤ ਸ਼ਾਹ ਦਾ ਐਡਿਟ ਵੀਡੀਓ ਹੋਇਆ ਵਾਇਰਲ, FIR ਦਰਜ : ਭਾਜਪਾ ਅਤੇ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਕੀਤੀ ਸ਼ਿਕਾਇਤ

ਅਮਿਤ ਸ਼ਾਹ ਦਾ ਐਡਿਟ ਵੀਡੀਓ ਹੋਇਆ ਵਾਇਰਲ, FIR ਦਰਜ : ਭਾਜਪਾ ਅਤੇ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਕੀਤੀ ਸ਼ਿਕਾਇਤ

ਭਾਜਪਾ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਅਮਿਤ ਸ਼ਾਹ ਨੇ ਅਨੁਸੂਚਿਤ ਜਾਤੀ (ਐਸਸੀ) ਅਤੇ ਅਨੁਸੂਚਿਤ ਜਨਜਾਤੀਆਂ (ਐਸਟੀ) ਲਈ ਰਾਖਵਾਂਕਰਨ ਖ਼ਤਮ ਕਰਨ ਬਾਰੇ ਕੁਝ ਨਹੀਂ ਕਿਹਾ ਹੈ। ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਫਰਜ਼ੀ ਹੈ।

ਅਮਿਤ ਸ਼ਾਹ ਦਾ ਐਡਿਟ ਵੀਡੀਓ ਪਿੱਛਲੇ ਦਿਨੀ ਵਾਇਰਲ ਹੋਇਆ ਸੀ। ਦਿੱਲੀ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਡਿਟ ਕੀਤੇ ਵੀਡੀਓ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਹੈ। ਇਸ ਵੀਡੀਓ ‘ਚ ਸ਼ਾਹ SC-ST ਅਤੇ OBC ਦੇ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਨਿਊਜ਼ ਏਜੰਸੀ ਪੀਟੀਆਈ ਦੀ ਤੱਥ ਜਾਂਚ ਵਿੱਚ ਇਹ ਵੀਡੀਓ ਫਰਜ਼ੀ ਸਾਬਤ ਹੋਇਆ ਹੈ। ਇਸ ਸੰਪਾਦਿਤ ਵੀਡੀਓ ਨੂੰ ਫੈਲਾਉਣ ਦੀ ਇੱਕ ਸ਼ਿਕਾਇਤ ਭਾਜਪਾ ਨੇ ਕੀਤੀ ਸੀ, ਜਦਕਿ ਦੂਜੀ ਸ਼ਿਕਾਇਤ ਗ੍ਰਹਿ ਮੰਤਰਾਲੇ ਨੇ ਕੀਤੀ ਸੀ।

ਭਾਜਪਾ ਨੇ ਇਸ ਵੀਡੀਓ ਨੂੰ ਲੈ ਕੇ ਦੇਸ਼ ਭਰ ਵਿੱਚ ਐਫਆਈਆਰ ਦਰਜ ਕਰਨ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਅਮਿਤ ਸ਼ਾਹ ਨੇ ਅਨੁਸੂਚਿਤ ਜਾਤੀ (ਐਸਸੀ) ਅਤੇ ਅਨੁਸੂਚਿਤ ਜਨਜਾਤੀਆਂ (ਐਸਟੀ) ਲਈ ਰਾਖਵਾਂਕਰਨ ਖ਼ਤਮ ਕਰਨ ਬਾਰੇ ਕੁਝ ਨਹੀਂ ਕਿਹਾ ਹੈ। ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਫਰਜ਼ੀ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਅਸਲ ਵੀਡੀਓ ਵਿੱਚ ਅਮਿਤ ਸ਼ਾਹ ਨੇ ਤੇਲੰਗਾਨਾ ਵਿੱਚ ਮੁਸਲਮਾਨਾਂ ਲਈ ਗੈਰ-ਸੰਵਿਧਾਨਕ ਰਾਖਵੇਂਕਰਨ ਨੂੰ ਹਟਾਉਣ ਦੀ ਗੱਲ ਕੀਤੀ ਸੀ।

ਬੀਜੇਪੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਤੇਲੰਗਾਨਾ ਕਾਂਗਰਸ ਵੱਲੋਂ 27 ਅਪ੍ਰੈਲ ਨੂੰ ਫੇਸਬੁੱਕ ‘ਤੇ ਸ਼ੇਅਰ ਕੀਤੀ ਇਸ ਫਰਜ਼ੀ ਵੀਡੀਓ ਨੂੰ ਪੋਸਟ ਕੀਤਾ ਸੀ। ਉਨ੍ਹਾਂ ਕਿਹਾ ਕਿ ਤੇਲੰਗਾਨਾ ਕਾਂਗਰਸ ਐਡਿਟ ਕੀਤੀ ਵੀਡੀਓ ਫੈਲਾ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਕਾਰਨ ਵੱਡੇ ਪੱਧਰ ‘ਤੇ ਹਿੰਸਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਫਰਜ਼ੀ ਵੀਡੀਓ ਨੂੰ ਕਈ ਕਾਂਗਰਸੀ ਆਗੂਆਂ ਨੇ ਸਾਂਝਾ ਕੀਤਾ ਹੈ, ਹੁਣ ਉਹ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਦਿੱਲੀ ਪੁਲਿਸ ਨੇ ਗ੍ਰਹਿ ਮੰਤਰੀ ਦੇ ਐਡਿਟ ਵੀਡੀਓ ਨੂੰ ਲੈ ਕੇ ਐਕਸ ਅਤੇ ਫੇਸਬੁੱਕ ਨੂੰ ਪੱਤਰ ਲਿਖਿਆ ਹੈ। ਨਾਲ ਹੀ, ਦੋਵਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਜਾਣਕਾਰੀ ਮੰਗੀ ਗਈ ਹੈ ਕਿ ਇਹ ਐਡਿਟ ਕੀਤੀ ਵੀਡੀਓ ਕਿਸ ਖਾਤੇ ‘ਤੇ ਪੋਸਟ ਕੀਤੀ ਗਈ ਸੀ।