ਹਰਿਆਣਾ ਵਿਧਾਨਸਭਾ ਚੋਣਾਂ : ਭਾਜਪਾ ਨੇ 67 ਉਮੀਦਵਾਰ ਐਲਾਨੇ, ਕਈ ਸੀਟਾਂ ‘ਤੇ ਨਵੇਂ ਚਿਹਰੇ

ਹਰਿਆਣਾ ਵਿਧਾਨਸਭਾ ਚੋਣਾਂ : ਭਾਜਪਾ ਨੇ 67 ਉਮੀਦਵਾਰ ਐਲਾਨੇ, ਕਈ ਸੀਟਾਂ ‘ਤੇ ਨਵੇਂ ਚਿਹਰੇ

ਪਾਰਟੀ ਨੇ ਦੋ ਵਾਰ ਹਾਰਨ ਵਾਲੇ ਉਮੀਦਵਾਰਾਂ ਨੂੰ ਵੀ ਟਿਕਟਾਂ ਨਹੀਂ ਦਿੱਤੀਆਂ ਹਨ। ਭਾਜਪਾ ਦੇ 67 ਉਮੀਦਵਾਰਾਂ ਦੀ ਸੂਚੀ ਵਿੱਚ ਪਹਿਲਾ ਨਾਂ ਲਾਡਵਾ ਸੀਟ ਤੋਂ ਨਾਇਬ ਸਿੰਘ ਸੈਣੀ ਦਾ ਹੈ।

ਹਰਿਆਣਾ ਵਿਧਾਨਸਭਾ ਚੋਣਾਂ ਲਈ ਹੁਣ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿਤੀ ਹੈ। ਆਖ਼ਰਕਾਰ, ਕਾਫ਼ੀ ਸੋਚ-ਵਿਚਾਰ ਤੋਂ ਬਾਅਦ, ਭਾਜਪਾ ਨੇ ਬੁੱਧਵਾਰ ਰਾਤ ਨੂੰ 67 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ 40 ਸੀਟਾਂ ਤੋਂ ਉਮੀਦਵਾਰ ਬਦਲੇ ਹਨ।

ਪਾਰਟੀ ਨੇ ਦੋ ਸਾਬਕਾ ਸੰਸਦ ਮੈਂਬਰ, ਇਕ ਰਾਜ ਸਭਾ ਮੈਂਬਰ ਅਤੇ 27 ਨਵੇਂ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਪਾਰਟੀ ਨੇ ਤਿੰਨ ਮੰਤਰੀਆਂ ਸਮੇਤ ਅੱਠ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਨੌਂ ਮੌਜੂਦਾ ਮੰਤਰੀਆਂ ਅਤੇ ਚਾਰ ਸਾਬਕਾ ਮੰਤਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਜੇਜੇਪੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਤਿੰਨ ਵਿਧਾਇਕਾਂ ਅਤੇ ਦੋ ਆਗੂਆਂ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਇੱਕ ਵਾਰ ਫਿਰ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪੰਵਾਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਾਬਕਾ ਸੰਸਦ ਮੈਂਬਰ ਕਿਰਨ ਚੌਧਰੀ, ਜੋ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਤੋਂ ਰਾਜ ਸਭਾ ਮੈਂਬਰ ਚੁਣੀ ਗਈ ਸੀ, ਨੂੰ ਵੀ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਦੋ ਵਾਰ ਹਾਰਨ ਵਾਲੇ ਉਮੀਦਵਾਰਾਂ ਨੂੰ ਵੀ ਟਿਕਟਾਂ ਨਹੀਂ ਦਿੱਤੀਆਂ ਹਨ। ਭਾਜਪਾ ਦੇ 67 ਉਮੀਦਵਾਰਾਂ ਦੀ ਸੂਚੀ ਵਿੱਚ ਪਹਿਲਾ ਨਾਂ ਲਾਡਵਾ ਸੀਟ ਤੋਂ ਨਾਇਬ ਸਿੰਘ ਸੈਣੀ ਦਾ ਹੈ।

ਪਾਰਟੀ ਨੇ ਨਾਇਬ ਸਿੰਘ ਸੈਣੀ ਦੀ ਸੀਟ ਬਦਲ ਦਿੱਤੀ ਹੈ। 4 ਜੂਨ ਨੂੰ ਉਹ ਕਰਨਾਲ ਤੋਂ ਵਿਧਾਇਕ ਚੁਣੇ ਗਏ ਸਨ। ਪਾਰਟੀ ਨੇ ਹੁਣ ਉਨ੍ਹਾਂ ਨੂੰ ਕੁਰੂਕਸ਼ੇਤਰ ਦੀ ਲਾਡਵਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਅੰਬਾਲਾ ਦੇ ਮੇਅਰ ਅਤੇ ਸਾਬਕਾ ਮੰਤਰੀ ਵਿਨੋਦ ਸ਼ਰਮਾ ਦੀ ਪਤਨੀ ਸ਼ਕਤੀਰਾਣੀ ਸ਼ਰਮਾ ਨੂੰ ਕਾਲਕਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪੰਚਕੂਲਾ ਤੋਂ ਗਿਆਨ ਚੰਦ ਗੁਪਤਾ ਨੂੰ ਟਿਕਟ ਮਿਲਿਆ ਹੈ। ਸੂਚੀ ਵਿੱਚ ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਬਾਦਲੀ ਤੋਂ ਅਤੇ ਪਾਰਟੀ ਦੇ ਸੀਨੀਅਰ ਆਗੂ ਅਨਿਲ ਵਿੱਜ ਨੂੰ ਅੰਬਾਲਾ ਛਾਉਣੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।