ਚੀਨ ਨੇ ਹੁਣ ਭੂਟਾਨ ਦੇ ਇੱਕ ਪਿੰਡ ‘ਤੇ ਕੀਤਾ ਕਬਜ਼ਾ, 18 ਚੀਨੀ ਨਾਗਰਿਕ ਜਲਦੀ ਹੀ ਨਵੇਂ ਘਰਾਂ ‘ਚ ਹੋਣਗੇ ਸ਼ਿਫਟ

ਚੀਨ ਨੇ ਹੁਣ ਭੂਟਾਨ ਦੇ ਇੱਕ ਪਿੰਡ ‘ਤੇ ਕੀਤਾ ਕਬਜ਼ਾ, 18 ਚੀਨੀ ਨਾਗਰਿਕ ਜਲਦੀ ਹੀ ਨਵੇਂ ਘਰਾਂ ‘ਚ ਹੋਣਗੇ ਸ਼ਿਫਟ

ਚੀਨ ਦਾ ਕਹਿਣਾ ਹੈ ਕਿ ਉਹ ਉਸਦੇ ਤਿੱਬਤੀ ਖੇਤਰ ਦਾ ਹਿੱਸਾ ਹੈ ਅਤੇ ਭੂਟਾਨ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਦੋ ਮਹੀਨੇ ਪਹਿਲਾਂ ਅਮਰੀਕੀ ਸੈਟੇਲਾਈਟ ਇਮੇਜਰੀ ਕੰਪਨੀ ਮੈਕਸਰ ਨੇ ਵੀ ਸੈਟੇਲਾਈਟ ਤਸਵੀਰਾਂ ਰਾਹੀਂ ਦੱਸਿਆ ਸੀ ਕਿ ਇਸ ਖੇਤਰ ਵਿੱਚ 147 ਨਵੇਂ ਘਰ ਬਣਾਏ ਗਏ ਹਨ।

ਚੀਨ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਤਾਨਾਸ਼ਾਹੀ ਦੇਸ਼ਾਂ ਵਿਚ ਕੀਤੀ ਜਾਂਦੀ ਹੈ। ਇਕ ਪਾਸੇ ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਭੂਟਾਨ ਨਾਲ ਗੱਲਬਾਤ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਵਿਵਾਦਿਤ ਖੇਤਰ ‘ਚ ਪਿੰਡ ਵੀ ਬਣਾ ਰਿਹਾ ਹੈ। ਇਹ ਦਾਅਵਾ ਹਾਂਗਕਾਂਗ ਤੋਂ ਪ੍ਰਕਾਸ਼ਤ ਅਖਬਾਰ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਦੀ ਰਿਪੋਰਟ ‘ਚ ਕੀਤਾ ਗਿਆ ਹੈ।

ਇਸ ਰਿਪੋਰਟ ਅਨੁਸਾਰ ਇਸ ਪਿੰਡ ਵਿੱਚ ਕੁਝ ਘਰ ਬਣਾਏ ਗਏ ਹਨ ਅਤੇ 18 ਚੀਨੀ ਨਾਗਰਿਕਾਂ ਦਾ ਪਹਿਲਾ ਜੱਥਾ ਜਲਦੀ ਹੀ ਇਨ੍ਹਾਂ ਨਵੇਂ ਘਰਾਂ ਵਿੱਚ ਰਹਿਣ ਲਈ ਆਉਣ ਵਾਲਾ ਹੈ। ਅਜੇ ਤੱਕ ਭੂਟਾਨ ਸਰਕਾਰ ਵੱਲੋਂ ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ। ਰਿਪੋਰਟ ਮੁਤਾਬਕ ਚੀਨ ਇਸ ਹਿਮਾਲੀਅਨ ਖੇਤਰ ‘ਚ ਬਹੁਤ ਹੀ ਚੁੱਪ-ਚਾਪ ਆਪਣੇ ਪੈਰ ਪਸਾਰ ਰਿਹਾ ਹੈ। ਇਹ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਨੀਤੀ ਦਾ ਇੱਕ ਹੋਰ ਉਦਾਹਰਣ ਹੈ। 28 ਦਸੰਬਰ 2023 ਨੂੰ 38 ਲੋਕਾਂ ਨੂੰ ਇੱਥੇ ਸ਼ਿਫਟ ਕੀਤਾ ਗਿਆ ਹੈ। ਇਸ ਪਿੰਡ ਦਾ ਨਾਮ ਸਥਾਨਕ ਭਾਸ਼ਾ ਵਿੱਚ ਤਾਮਾਲੁੰਗ ਹੈ।

ਚੀਨ ਦਾ ਕਹਿਣਾ ਹੈ ਕਿ ਉਹ ਉਸਦੇ ਤਿੱਬਤੀ ਖੇਤਰ ਦਾ ਹਿੱਸਾ ਹੈ ਅਤੇ ਭੂਟਾਨ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਦੋ ਮਹੀਨੇ ਪਹਿਲਾਂ ਅਮਰੀਕੀ ਸੈਟੇਲਾਈਟ ਇਮੇਜਰੀ ਕੰਪਨੀ ਮੈਕਸਰ ਨੇ ਵੀ ਸੈਟੇਲਾਈਟ ਤਸਵੀਰਾਂ ਰਾਹੀਂ ਦੱਸਿਆ ਸੀ ਕਿ ਇਸ ਖੇਤਰ ਵਿੱਚ 147 ਨਵੇਂ ਘਰ ਬਣਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇੱਥੇ ਕੁੱਲ 235 ਲੋਕ ਵੱਸਣ ਵਾਲੇ ਹਨ। ਇਸ ਤੋਂ ਪਹਿਲਾਂ 2022 ਵਿੱਚ ਇੱਥੇ 70 ਘਰ ਬਣਾਏ ਗਏ ਸਨ ਅਤੇ 200 ਲੋਕ ਉਨ੍ਹਾਂ ਵਿੱਚ ਰਹਿਣ ਲਈ ਆਏ ਸਨ। ਚੀਨ ਅਤੇ ਭੂਟਾਨ ਵਿਚਾਲੇ ਕੋਈ ਕੂਟਨੀਤਕ ਸਬੰਧ ਨਹੀਂ ਹਨ, ਪਰ ਦੋਵਾਂ ਦੇਸ਼ਾਂ ਦੇ ਅਧਿਕਾਰੀ ਸੰਚਾਰ ਦੇ ਰਾਹ ਖੁੱਲ੍ਹੇ ਰੱਖਦੇ ਹਨ।

ਇਸ ਰਿਪੋਰਟ ਮੁਤਾਬਕ ਚੀਨ ਹੁਣ ਤੱਕ 12 ਦੇਸ਼ਾਂ ਨਾਲ ਸਰਹੱਦੀ ਵਿਵਾਦ ਸੁਲਝਾ ਚੁੱਕਾ ਹੈ। ਇਹ ਮਾਮਲਾ ਅਜੇ ਵੀ ਭਾਰਤ ਅਤੇ ਭੂਟਾਨ ਨਾਲ ਚੱਲ ਰਿਹਾ ਹੈ। ਚੀਨ ਭੂਟਾਨ ਦੇ ਉੱਤਰੀ ਖੇਤਰਾਂ ਦੇ ਨੇੜੇ ਤੇਜ਼ੀ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਿਹਾ ਹੈ। ਇਹ ਗੱਲ ਸੈਟੇਲਾਈਟ ਤਸਵੀਰਾਂ ਤੋਂ ਸਾਹਮਣੇ ਆਈ ਹੈ। ਇਹ ਤਸਵੀਰਾਂ ਅਜਿਹੇ ਸਮੇਂ ਸਾਹਮਣੇ ਆਈਆਂ ਹਨ ਜਦੋਂ ਚੀਨ ਅਤੇ ਭੂਟਾਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਕਰ ਰਹੇ ਹਨ।