ਪੰਜਾਬ ‘ਚ ਅਚਾਨਕ ਦੋ ਮੰਤਰੀਆਂ ਦੇ ਵਿਭਾਗ ਬਦਲੇ ਗਏ, ਚੇਤਨ ਸਿੰਘ ਜੋੜਾਮਾਜਰਾ ਹੋਏ ਤਾਕਤਵਰ, ਮੀਤ ਹੇਅਰ ਨੂੰ ਝਟਕਾ

ਪੰਜਾਬ ‘ਚ ਅਚਾਨਕ ਦੋ ਮੰਤਰੀਆਂ ਦੇ ਵਿਭਾਗ ਬਦਲੇ ਗਏ, ਚੇਤਨ ਸਿੰਘ ਜੋੜਾਮਾਜਰਾ ਹੋਏ ਤਾਕਤਵਰ, ਮੀਤ ਹੇਅਰ ਨੂੰ ਝਟਕਾ

ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਤਿੰਨ ਵਿਭਾਗ ਵਾਪਸ ਲੈ ਲਏ ਗਏ ਹਨ, ਜਦਕਿ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੀ ਜ਼ਿੰਮੇਵਾਰੀ ਵਧਾ ਦਿੱਤੀ ਗਈ ਹੈ, ਹੁਣ ਉਸ ਕੋਲ ਕੁੱਲ ਸੱਤ ਵਿਭਾਗ ਹੋਣਗੇ।

ਪੰਜਾਬ ਦੀ ਸਿਹਤ ਪ੍ਰਣਾਲੀ ਦੀ ਪਿੱਛਲੇ ਦਿਨੀ ਬਹੁਤ ਸਲਾਘਾ ਹੋਈ ਸੀ। ਇਸ ਦੌਰਾਨ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਹੈ। ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਤਿੰਨ ਵਿਭਾਗ ਵਾਪਸ ਲੈ ਲਏ ਗਏ ਹਨ, ਜਦਕਿ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੀ ਜ਼ਿੰਮੇਵਾਰੀ ਵਧਾ ਦਿੱਤੀ ਗਈ ਹੈ, ਹੁਣ ਉਸ ਕੋਲ ਕੁੱਲ ਸੱਤ ਵਿਭਾਗ ਹੋਣਗੇ। ਵਿਭਾਗਾਂ ਦੀ ਫੇਰਬਦਲ ਨੂੰ ਨਾਜਾਇਜ਼ ਮਾਈਨਿੰਗ ‘ਤੇ ਹਾਈਕੋਰਟ ਦੀ ਤਾਜ਼ਾ ਫਟਕਾਰ ਨਾਲ ਵੀ ਜੋੜਿਆ ਜਾ ਰਿਹਾ ਹੈ।

ਮੁੱਖ ਮੰਤਰੀ ਦੀ ਸਿਫਾਰਿਸ਼ ਨੂੰ ਰਾਜ ਦੇ ਰਾਜਪਾਲ ਨੇ ਮੰਗਲਵਾਰ ਨੂੰ ਮਨਜ਼ੂਰੀ ਦਿੱਤੀ। ਗੁਰਮੀਤ ਸਿੰਘ ਮੀਤ ਹੇਅਰ ਹੁਣ ਸਿਰਫ਼ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਦੇਖ-ਰੇਖ ਕਰਨਗੇ ਅਤੇ ਉਨ੍ਹਾਂ ਤੋਂ ਜਲ ਸਰੋਤ ਵਿਭਾਗ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਨ, ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਵਾਪਸ ਲੈ ਲਏ ਗਏ ਹਨ। ਇਨ੍ਹਾਂ ਵਿੱਚੋਂ ਮਾਈਨਿੰਗ ਅਤੇ ਭੂ-ਵਿਗਿਆਨ ਅਤੇ ਜਲ ਸਰੋਤ ਵਿਭਾਗ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤੇ ਗਏ ਹਨ, ਜਦਕਿ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਮੁੱਖ ਮੰਤਰੀ ਵੱਲੋਂ ਆਪਣੇ ਅਧੀਨ ਰੱਖੇ ਗਏ ਹਨ। ਇਸ ਤਰ੍ਹਾਂ ਜੋੜਾਮਾਜਰਾ ਕੋਲ ਹੁਣ ਸੱਤ ਵਿਭਾਗ ਹਨ।

ਇਸ ਫੇਰਬਦਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੁੱਲ 11 ਵਿਭਾਗ ਹਨ- ਆਮ ਪ੍ਰਸ਼ਾਸਨ, ਗ੍ਰਹਿ ਮਾਮਲੇ ਅਤੇ ਨਿਆਂ, ਪ੍ਰਸੋਨਲ, ਵਿਜੀਲੈਂਸ, ਸਹਿਕਾਰਤਾ, ਉਦਯੋਗ ਅਤੇ ਵਣਜ, ਜੇਲ੍ਹ, ਕਾਨੂੰਨ ਅਤੇ ਵਿਧਾਨਕ ਮਾਮਲੇ, ਸ਼ਹਿਰੀ ਹਵਾਬਾਜ਼ੀ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਆਪਣੇ ਕੋਲ ਰੱਖੇ ਹਨ। ਮੁੱਖ ਮੰਤਰੀ ਦੇ ਕਰੀਬੀ ਮੰਤਰੀਆਂ ਵਿੱਚ ਗਿਣੇ ਜਾਣ ਵਾਲੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਤਾਜ਼ਾ ਫੇਰਬਦਲ ਵਿੱਚ ਵੱਡਾ ਝਟਕਾ ਲੱਗਾ ਹੈ।

ਸੂਤਰਾਂ ਅਨੁਸਾਰ ਆਨੰਦਪੁਰ ਸਾਹਿਬ ਇਲਾਕੇ ਦੀ 18 ਏਕੜ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਹੋਣ ਦਾ ਖੁਲਾਸਾ ਹੋਇਆ ਹੈ। ਇਹ ਜ਼ਮੀਨ ਨਸ਼ਾ ਤਸਕਰ ਜਗਦੀਸ਼ ਭੋਲਾ ਦੀ ਹੈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੱਤ ਸਾਲ ਪਹਿਲਾਂ ਇਸ ਨੂੰ ਜ਼ਬਤ ਕਰ ਲਿਆ ਸੀ। ਮਾਈਨਿੰਗ ਮਾਫੀਆ ਨੇ ਇੱਥੇ ਇੰਨੀ ਖੁਦਾਈ ਕੀਤੀ ਹੈ ਕਿ ਜ਼ਮੀਨ ਵਿੱਚੋਂ ਪਾਣੀ ਬਾਹਰ ਆ ਗਿਆ ਹੈ।