INDIA ਗਠਜੋੜ ਨੂੰ ਲੈ ਕੇ ਪੰਜਾਬ ‘ਚ ਅਣਬਣ : ਮੁੱਖ ਮੰਤਰੀ ਭਗਵੰਤ ਮਾਨ ਨੇ ਲਈ ਚੁਟਕੀ, ਦੁਨੀਆ ਦੀ ਸਭ ਤੋਂ ਛੋਟੀ ਕਹਾਣੀ-ਇਕ ਸੀ ਕਾਂਗਰਸ

INDIA ਗਠਜੋੜ ਨੂੰ ਲੈ ਕੇ ਪੰਜਾਬ ‘ਚ ਅਣਬਣ : ਮੁੱਖ ਮੰਤਰੀ ਭਗਵੰਤ ਮਾਨ ਨੇ ਲਈ ਚੁਟਕੀ, ਦੁਨੀਆ ਦੀ ਸਭ ਤੋਂ ਛੋਟੀ ਕਹਾਣੀ-ਇਕ ਸੀ ਕਾਂਗਰਸ

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ INDIA ਗਠਜੋੜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਵਿਧਾਨ ਜਿਉਂਦਾ ਰਹੇਗਾ ਤਾਂ ਦੇਸ਼ ਅਤੇ ਸਿਆਸੀ ਪਾਰਟੀਆਂ ਬਚਣਗੀਆਂ।

ਪੰਜਾਬ ਕਾਂਗਰਸ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਲੋਕ ਸਭ ਚੋਣਾਂ ਦੌਰਾਨ ਅਲਾਇੰਸ ‘ਚ ਖੁਸ਼ ਨਹੀਂ ਹਨ। ਇੰਡੀਆ ਅਲਾਇੰਸ ਦੇ ਤਹਿਤ ਪੰਜਾਬ ਵਿੱਚ ਕਾਂਗਰਸ ਅਤੇ ‘ਆਪ’ ਦੇ ਗਠਜੋੜ ਦੀ ਚਰਚਾ ਨੇ ਪੰਜਾਬ ਕਾਂਗਰਸ ਵਿੱਚ ਖਲਬਲੀ ਮਚਾ ਦਿੱਤੀ ਹੈ। ਹਾਲਾਂਕਿ ਇਸ ਗਠਜੋੜ ਬਾਰੇ ਅੰਤਿਮ ਫੈਸਲਾ ਦੋਵਾਂ ਪਾਰਟੀਆਂ ਦੀ ਹਾਈਕਮਾਂਡ ਨੇ ਹੀ ਲੈਣਾ ਹੈ।

ਪੰਜਾਬ ਵਿੱਚ ਕਾਂਗਰਸ ਵਿਚਾਲੇ ਚੱਲ ਰਹੀ ਖਿੱਚੋਤਾਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਮਾਨ ਨੇ ਕਾਂਗਰਸ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ – ਦਿੱਲੀ ਅਤੇ ਪੰਜਾਬ ਵਿੱਚ ਇੱਕ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ – ਇੱਕ ਸੀ ਕਾਂਗਰਸ। ਵੈਸੇ, ਭਗਵੰਤ ਮਾਨ ਨੇ INDIA ਗਠਜੋੜ ਦਾ ਬਚਾਅ ਕੀਤਾ ਅਤੇ ਦੱਸਿਆ ਕਿ ਜਲਦੀ ਹੀ ਗਠਜੋੜ ਦੀ ਮੀਟਿੰਗ ਹੋਵੇਗੀ, ਜਿਸ ਵਿਚ ਅਗਲੀ ਰਣਨੀਤੀ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ INDIA ਗਠਜੋੜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਵਿਧਾਨ ਜਿਉਂਦਾ ਰਹੇਗਾ ਤਾਂ ਦੇਸ਼ ਅਤੇ ਸਿਆਸੀ ਪਾਰਟੀਆਂ ਬਚਣਗੀਆਂ।

ਕਾਂਗਰਸ ਹਾਈਕਮਾਂਡ, ਜੋ INDIA ਗਠਜੋੜ ਦੇ ਤਹਿਤ ਪੰਜਾਬ ਵਿੱਚ ‘ਆਪ’ ਨਾਲ ਗਠਜੋੜ ਦੀ ਵੀ ਤਿਆਰੀ ਕਰ ਰਹੀ ਹੈ, ਨੇ ਪਿਛਲੇ ਹਫ਼ਤੇ ਸੂਬੇ ਦੇ ਪਾਰਟੀ ਆਗੂਆਂ ਨੂੰ ਦਿੱਲੀ ਬੁਲਾਇਆ ਸੀ। ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਸੀ ਕਿ ਹਾਈਕਮਾਂਡ ਨੇ ਉਨ੍ਹਾਂ ਤੋਂ ਗਠਜੋੜ ਦੇ ਮੁੱਦੇ ‘ਤੇ ਕੋਈ ਸਵਾਲ ਨਹੀਂ ਪੁੱਛਿਆ, ਜਿਸ ਕਰਕੇ ਪੰਜਾਬ ਦੇ ਆਗੂਆਂ ਨੇ ਵੀ ਹਾਈਕਮਾਂਡ ਅੱਗੇ ਕੋਈ ਗੱਲ ਨਹੀਂ ਰੱਖੀ। ਹਾਲਾਂਕਿ ਮੀਟਿੰਗ ਦੇ ਅੰਦਰ ਜੋ ਵੀ ਹੋਇਆ, ਉਸ ਨੇ ਪੰਜਾਬ ਕਾਂਗਰਸ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਾਰਟੀ ਸੂਤਰਾਂ ਅਨੁਸਾਰ ਪੰਜਾਬ ਇਕਾਈ ਦੇ ਇਕ ਸੀਨੀਅਰ ਆਗੂ, ਜੋ ਹੋਰਨਾਂ ਆਗੂਆਂ ਵਾਂਗ ‘ਆਪ’ ਗਠਜੋੜ ਦਾ ਖੁੱਲ੍ਹ ਕੇ ਵਿਰੋਧ ਕਰਦੇ ਆ ਰਹੇ ਹਨ, ਨੇ ਹਾਈਕਮਾਂਡ ਨੂੰ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਲਈ ‘ਆਪ’ ਨਾਲ ਗਠਜੋੜ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਉਨ੍ਹਾਂ ਹਾਈਕਮਾਂਡ ਨੂੰ ਕਈ ਠੋਸ ਕਾਰਨ ਵੀ ਦੱਸੇ ਹਨ।