ਪੰਜਾਬ ‘ਚ 5500 ਕਰੋੜ ਦਾ ਹੋਇਆ ਨਿਵੇਸ਼, 2.95 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ : ਸੀਐੱਮ ਭਗਵੰਤ ਮਾਨ

ਪੰਜਾਬ ‘ਚ 5500 ਕਰੋੜ ਦਾ ਹੋਇਆ ਨਿਵੇਸ਼, 2.95 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ : ਸੀਐੱਮ ਭਗਵੰਤ ਮਾਨ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਜਲਦੀ ਪੂਰਾ ਕੀਤਾ ਜਾ ਰਿਹਾ ਹੈ। 18 ਜਨਵਰੀ ਨੂੰ 590 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਉਹ ਸੂਬੇ ਨੂੰ ਆਰਥਿਕ ਪੱਖ ‘ਤੇ ਮਜਬੂਤ ਕਰਕੇ ਰਹਿਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਿਛਲੇ 18 ਮਹੀਨਿਆਂ ਦੌਰਾਨ ਟਾਟਾ ਸਟੀਲ ਅਤੇ ਹੋਰ ਵੱਡੀਆਂ ਕੰਪਨੀਆਂ ਨੇ ਸੂਬੇ ਵਿੱਚ ਨਿਵੇਸ਼ ਕਰਨ ਦੀਆਂ ਤਿਆਰੀਆਂ ਕੀਤੀਆਂ ਹਨ। ਉਨ੍ਹਾਂ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਹੁਣ ਤੱਕ 5500 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਾ ਹੈ। ਇਸ ਨਾਲ 2.95 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਮੁੱਖ ਮੰਤਰੀ ਮਾਨ ਨੇ ਮੰਗਲਵਾਰ ਨੂੰ ਟੈਗੋਰ ਥੀਏਟਰ ਵਿਖੇ ਸਟੇਟ ਕੋਆਪ੍ਰੇਟਿਵ ਬੈਂਕ ਵਿੱਚ 520 ਨਵੇਂ ਭਰਤੀ ਕੀਤੇ ਕਲਰਕਾਂ-ਕਮ-ਡਾਟਾ ਐਂਟਰੀ ਆਪਰੇਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੁਣ ਤੱਕ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪਿਛਲੇ 75 ਸਾਲਾਂ ਵਿੱਚ ਨੌਜਵਾਨ ਸਰਕਾਰੀ ਨੌਕਰੀ ਲਈ ਇੱਕ ਮੌਕੇ ਲਈ ਤਰਸਦੇ ਸਨ, ਹੁਣ ਉਨ੍ਹਾਂ ਨੂੰ ਇੱਕ ਸਾਲ ਵਿੱਚ ਤਿੰਨ ਤਿੰਨ ਨੌਕਰੀਆਂ ਮਿਲ ਰਹੀਆਂ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਜਲਦੀ ਪੂਰਾ ਕੀਤਾ ਜਾ ਰਿਹਾ ਹੈ। 18 ਜਨਵਰੀ ਨੂੰ 590 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂ ਮੇਰੇ ਨਾਲ ਈਰਖਾ ਕਰਦੇ ਹਨ ਕਿਉਂਕਿ ਮੈਂ ਨਾ ਸਿਰਫ਼ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਿਹਾ ਹਾਂ ਸਗੋਂ ਇੱਕ ਆਮ ਪਰਿਵਾਰ ਨਾਲ ਸਬੰਧਤ ਹਾਂ। ਕੁਝ ਆਗੂ ਹਮੇਸ਼ਾ ਇਹ ਮੰਨਦੇ ਸਨ ਕਿ ਰਾਜ ਕਰਨ ਦਾ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ। ਹੁਣ ਉਹ ਇਸ ਤੱਥ ਨੂੰ ਹਜ਼ਮ ਨਹੀਂ ਕਰ ਸਕਦੇ ਕਿ ਇੱਕ ਆਮ ਆਦਮੀ ਰਾਜ ਨੂੰ ਬਹੁਤ ਕੁਸ਼ਲਤਾ ਨਾਲ ਚਲਾ ਰਿਹਾ ਹੈ।

ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਅਤੇ ਇਸ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਗੰਭੀਰ ਯਤਨ ਕਰ ਰਹੀ ਹੈ। ਪੰਜਾਬ ਨੇ ਇੱਕ ਨਿੱਜੀ ਕੰਪਨੀ ਜੀਵੀਕੇ ਪਾਵਰ ਦੀ ਮਾਲਕੀ ਵਾਲਾ ਗੋਇੰਦਵਾਲ ਪਾਵਰ ਪਲਾਂਟ 1080 ਕਰੋੜ ਦੀ ਲਾਗਤ ਨਾਲ ਖਰੀਦ ਕੇ ਇਤਿਹਾਸ ਰਚ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹਸਪਤਾਲਾਂ ਅਤੇ ਸਕੂਲਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਮ ਆਦਮੀ ਦੀ ਭਲਾਈ ਲਈ ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲੇ ਉਨ੍ਹਾਂ ਲੋਕਾਂ ਵੱਲੋਂ ਹੀ ਲਏ ਜਾ ਰਹੇ ਹਨ, ਜੋ ਜ਼ਮੀਨੀ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ।