ਏਸ਼ੀਆਈ ਖੇਡਾਂ 2023 : ਮੈਡਲ ਜਿੱਤਣ ਵਾਲਿਆਂ ‘ਤੇ ਪੰਜਾਬ ਸਰਕਾਰ ਕਰੇਗੀ ਪੈਸਿਆਂ ਦੀ ਵਰਖਾ, CM ਮਾਨ ਨੇ ਕਿਹਾ, 10 ਦਿਨਾਂ ‘ਚ ਕੀਤਾ ਜਾਵੇਗਾ ਸਨਮਾਨਿਤ

ਏਸ਼ੀਆਈ ਖੇਡਾਂ 2023 : ਮੈਡਲ ਜਿੱਤਣ ਵਾਲਿਆਂ ‘ਤੇ ਪੰਜਾਬ ਸਰਕਾਰ ਕਰੇਗੀ ਪੈਸਿਆਂ ਦੀ ਵਰਖਾ, CM ਮਾਨ ਨੇ ਕਿਹਾ, 10 ਦਿਨਾਂ ‘ਚ ਕੀਤਾ ਜਾਵੇਗਾ ਸਨਮਾਨਿਤ

ਪੰਜਾਬ ਦੇ ਖਿਡਾਰੀਆਂ ਨੇ 72 ਸਾਲਾਂ ਦਾ ਰਿਕਾਰਡ ਤੋੜ ਕੇ ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਮੁਕਾਬਲੇ ਵਿੱਚ ਸੂਬੇ ਦੇ ਖਿਡਾਰੀਆਂ ਨੇ ਅੱਠ ਗੋਲਡ, ਛੇ ਚਾਂਦੀ ਅਤੇ ਪੰਜ ਕਾਂਸੀ ਦੇ ਮੈਡਲ ਨਾਲ ਕੁੱਲ 19 ਮੈਡਲ ਜਿੱਤੇ ਹਨ।


ਪੰਜਾਬ ਦੇ ਖਿਡਾਰੀਆਂ ਨੇ ਇਸ ਵਾਰ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਏਸ਼ਿਆਈ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਚੀਨ ਤੋਂ ਵਾਪਸ ਆਉਣ ਦੇ 10 ਦਿਨਾਂ ਦੇ ਅੰਦਰ ਨਕਦ ਇਨਾਮ ਅਤੇ ਹੋਰ ਲਾਭਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਇਹ ਗੱਲ ਕਹੀ। ਉਹ ਕਾਰਜਕਾਰੀ ਕੋਚਾਂ ਦਾ ਸਨਮਾਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਸੋਮਵਾਰ ਨੂੰ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਮੈਡਲ ਜੇਤੂ ਖਿਡਾਰੀਆਂ ਦੇ ਸਨਮਾਨ ਦੀ ਪ੍ਰਵਾਹ ਨਹੀਂ ਕੀਤੀ, ਪਰ ਸਾਡੀ ਸਰਕਾਰ ਇਸ ਕੰਮ ਨੂੰ ਪੂਰੀ ਤਰਜੀਹ ਦੇਵੇਗੀ। ਇੱਕ ਖਿਡਾਰੀ ਦੇ ਜੀਵਨ ਵਿੱਚ ਕੋਚ ਦੀ ਨਿਰਣਾਇਕ ਭੂਮਿਕਾ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਕੋਚ ਦੀ ਭੂਮਿਕਾ ਅਹਿਮ ਹੁੰਦੀ ਹੈ।

ਸੀਐਮ ਮਾਨ ਨੇ ਕਿਹਾ ਕਿ ਕੋਚ ਦੀ ਸਖ਼ਤ ਮਿਹਨਤ ਅਤੇ ਖਿਡਾਰੀਆਂ ‘ਚ ਆਤਮ-ਵਿਸ਼ਵਾਸ ਕਾਰਨ ਉਹ ਮੈਦਾਨ ‘ਤੇ ਉਪਲਬਧੀਆਂ ਹਾਸਲ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ, ਸਗੋਂ ਇਸ ਦਾ ਮਕਸਦ ਕੋਚਾਂ ਨੂੰ ਖਿਡਾਰੀਆਂ ਦੇ ਕਰੀਅਰ ਵਿੱਚ ਪਾਏ ਬੇਮਿਸਾਲ ਯੋਗਦਾਨ ਲਈ ਸਨਮਾਨਿਤ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਚੰਗੇ ਖਿਡਾਰੀ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਏਸ਼ਿਆਈ ਖੇਡਾਂ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਇਨ੍ਹਾਂ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਕਈ ਮੈਡਲ ਜਿੱਤੇ ਹਨ। ਇੱਕ ਪਾਸੇ ਜਿੱਥੇ ਇਸ ਦਾ ਸਿਹਰਾ ਖਿਡਾਰੀਆਂ ਦੇ ਸਮਰਪਣ ਨੂੰ ਦਿੱਤਾ ਜਾ ਸਕਦਾ ਹੈ, ਉੱਥੇ ਦੂਜੇ ਪਾਸੇ ਕੋਚਾਂ ਵੱਲੋਂ ਨਿਭਾਈ ਗਈ ਮੋਹਰੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਭਗਵੰਤ ਮਾਨ ਨੇ ਇਨ੍ਹਾਂ ਖਿਡਾਰੀਆਂ ਅਤੇ ਕੋਚਾਂ ਨੂੰ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ। ਪੰਜਾਬ ਦੇ ਖਿਡਾਰੀਆਂ ਨੇ 72 ਸਾਲਾਂ ਦਾ ਰਿਕਾਰਡ ਤੋੜ ਕੇ ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਮੁਕਾਬਲੇ ਵਿੱਚ ਸੂਬੇ ਦੇ ਖਿਡਾਰੀਆਂ ਨੇ ਅੱਠ ਗੋਲਡ, ਛੇ ਚਾਂਦੀ ਅਤੇ ਪੰਜ ਕਾਂਸੀ ਦੇ ਮੈਡਲ ਨਾਲ ਕੁੱਲ 19 ਮੈਡਲ ਜਿੱਤੇ ਹਨ। ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਲਈ ਯਤਨਸ਼ੀਲ ਹੈ ਅਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਖਿਡਾਰੀਆਂ ਅਤੇ ਕੋਚਾਂ ਦੀ ਭਲਾਈ ਲਈ ਵਚਨਬੱਧ ਹੈ।