ਪੰਜਾਬ ‘ਚ ਗੈਂਗਸਟਰਾਂ ਦਾ ਰਾਜ, ‘ਆਪ’ ਨੇ ਇਕ ਵੀ ਗਾਰੰਟੀ ਪੂਰੀ ਨਹੀਂ ਕੀਤੀ : ਹਰਸਿਮਰਤ ਕੌਰ ਬਾਦਲ

ਪੰਜਾਬ ‘ਚ ਗੈਂਗਸਟਰਾਂ ਦਾ ਰਾਜ, ‘ਆਪ’ ਨੇ ਇਕ ਵੀ ਗਾਰੰਟੀ ਪੂਰੀ ਨਹੀਂ ਕੀਤੀ : ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਮੁਲਾਜ਼ਮ ਸਭ ਹੜਤਾਲ ’ਤੇ ਬੈਠੇ ਹਨ। ‘ਆਪ’ ਸਰਕਾਰ ਨੇ ਇਕ ਵੀ ਗਾਰੰਟੀ ਪੂਰੀ ਨਹੀਂ ਕੀਤੀ। 20 ਮਹੀਨਿਆਂ ਵਿੱਚ ਕਿਸੇ ਵੀ ਔਰਤ ਨੂੰ 1000 ਰੁਪਏ ਨਹੀਂ ਮਿਲੇ।

ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਗੈਂਗਸਟਰ ਰਾਜ ਕਰ ਰਹੇ ਹਨ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਮੁਲਾਜ਼ਮ ਸਭ ਹੜਤਾਲ ’ਤੇ ਬੈਠੇ ਹਨ। ‘ਆਪ’ ਸਰਕਾਰ ਨੇ ਇਕ ਵੀ ਗਾਰੰਟੀ ਪੂਰੀ ਨਹੀਂ ਕੀਤੀ। 20 ਮਹੀਨਿਆਂ ਵਿੱਚ ਕਿਸੇ ਵੀ ਔਰਤ ਨੂੰ 1000 ਰੁਪਏ ਨਹੀਂ ਮਿਲੇ। ਸਰਕਾਰ ਦੇ ਸਾਰੇ ਵਾਅਦੇ ਫੇਲ੍ਹ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਨਰੇਗਾ ਮਜ਼ਦੂਰਾਂ ਨੂੰ ਡਰਾ ਧਮਕਾ ਕੇ ਰੈਲੀ ਵਿੱਚ ਲਿਆਂਦਾ ਜਾਂਦਾ ਹੈ। ਹਰਸਿਮਰਤ ਕੌਰ ਨੇ ਕਿਹਾ ਕਿ ਅਜਿਹੇ ਮਾਹੌਲ ‘ਚ 13 ਸੀਟਾਂ ਕਿੱਥੋਂ ਮਿਲਣਗੀਆਂ?

ਦੱਸ ਦਈਏ ਕਿ ਐਤਵਾਰ ਨੂੰ ਬਠਿੰਡਾ ਰੈਲੀ ‘ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ 13 ‘ਚੋਂ 13 ਸੀਟਾਂ ‘ਤੇ ‘ਆਪ’ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਫਸੋਸ ਹੈ ਕਿ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਹੈ।

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵੇਂ ਇਕੱਠੇ ਹਨ ਅਤੇ ਪੈਸਾ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਬਹੁਤ ਹੋ ਰਹੀ ਹੈ। ਸਰਹੱਦ ‘ਤੇ ਸੁਰੱਖਿਆ ਲਈ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ‘ਆਪ’ ਮੰਤਰੀਆਂ ‘ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਨੂੰ ਹਰ ਤਰ੍ਹਾਂ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਭੇਜਿਆ ਜਾ ਰਿਹਾ ਹੈ। ਪੰਜਾਬ ‘ਤੇ ਗੈਂਗਸਟਰ ਰਾਜ ਕਰ ਰਹੇ ਹਨ ਅਤੇ ਲੋਕ ਹੜਤਾਲ ‘ਤੇ ਬੈਠੇ ਹਨ। ਹਰਸਿਮਰਤ ਕੌਰ ਬਾਦਲ ਨੇ ‘INDIA’ ਗਠਜੋੜ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਂ ਉਸ ਗਠਜੋੜ ਦਾ ਹਿੱਸਾ ਨਹੀਂ ਹਾਂ ਅਤੇ ਨਾ ਹੀ ਬਣਨਾ ਚਾਹੁੰਦੀ ਹਾਂ।