- ਅੰਤਰਰਾਸ਼ਟਰੀ
- No Comment
ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼, ਈਰਾਨੀ ਹੈਕਰਾਂ ਨੇ ਡੋਨਾਲਡ ਟਰੰਪ ਦੀ ਮੁਹਿੰਮ ਨੂੰ ਪਹੁੰਚਾਇਆ ਨੁਕਸਾਨ
ਐਫਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਈਰਾਨੀ ਹੈਕਰਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਵਿੱਚ ਤੋੜ-ਭੰਨ ਕੀਤੀ ਹੈ ਅਤੇ ਟਰੰਪ ਦੀ ਮੁਹਿੰਮ ਦੇ ਦਸਤਾਵੇਜ਼ ਚੋਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਜੋ ਬਿਡੇਨ ਦੀ ਮੁਹਿੰਮ ਟੀਮ ਨਾਲ ਸਾਂਝਾ ਕੀਤਾ ਹੈ।
ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਣ ਵਿਚ ਬਹੁਤ ਘਟ ਸਮਾਂ ਰਹਿ ਗਿਆ ਹੈ ਅਤੇ ਪੂਰੀ ਦੁਨੀਆਂ ਦੀ ਨਜ਼ਰ ਇਸ ‘ਤੇ ਹੈ। ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਪਰਦਾਫਾਸ਼ ਹੋਇਆ ਹੈ। ਦਰਅਸਲ, ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਈਰਾਨੀ ਹੈਕਰਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਵਿੱਚ ਤੋੜ-ਭੰਨ ਕੀਤੀ ਹੈ ਅਤੇ ਟਰੰਪ ਦੀ ਮੁਹਿੰਮ ਦੇ ਦਸਤਾਵੇਜ਼ ਚੋਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਜੋ ਬਿਡੇਨ ਦੀ ਮੁਹਿੰਮ ਟੀਮ ਨਾਲ ਸਾਂਝਾ ਕੀਤਾ ਹੈ।
ਇਹ ਘਟਨਾ ਜੂਨ-ਜੁਲਾਈ ਵਿੱਚ ਵਾਪਰੀ ਸੀ ਅਤੇ ਹੁਣ ਜੋ ਬਿਡੇਨ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟ ਗਏ ਹਨ ਅਤੇ ਉਨ੍ਹਾਂ ਦੀ ਥਾਂ ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ। ਅਮਰੀਕੀ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ‘ਹੈਕਰਾਂ ਨੇ ਜੂਨ ਦੇ ਅਖੀਰ ਅਤੇ ਜੁਲਾਈ ਦੇ ਸ਼ੁਰੂ ਵਿੱਚ ਜੋ ਬਿਡੇਨ ਦੀ ਮੁਹਿੰਮ ਨਾਲ ਜੁੜੇ ਲੋਕਾਂ ਨੂੰ ਕੁਝ ਈਮੇਲ ਭੇਜੇ ਸਨ। ਇਨ੍ਹਾਂ ਈਮੇਲਾਂ ਵਿੱਚ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦੇ ਦਸਤਾਵੇਜ਼ਾਂ ਤੋਂ ਚੋਰੀ ਕੀਤੀ ਗਈ ਜਾਣਕਾਰੀ ਵੀ ਸੀ।
ਈਰਾਨ ‘ਤੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਦਖਲ ਦੇਣ ਦੇ ਦੋਸ਼ ਲੱਗ ਚੁੱਕੇ ਹਨ। ਹੁਣ ਜਾਂਚ ‘ਚ ਇਸ ਗੱਲ ਦੀ ਪੁਸ਼ਟੀ ਹੋਣ ਤੋਂ ਬਾਅਦ ਅਮਰੀਕੀ ਨਿਆਂ ਵਿਭਾਗ ਇਸ ਮਾਮਲੇ ‘ਚ ਦੋਸ਼ ਤੈਅ ਕਰਨ ਦੀ ਤਿਆਰੀ ਕਰ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੀ ਐਫਬੀਆਈ ਦਾ ਕਹਿਣਾ ਹੈ ਕਿ ਇਹ ਹੈਕਿੰਗ ਚੋਣਾਂ ਵਿੱਚ ਵੋਟਰਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਅਤੇ ਅਰਾਜਕਤਾ ਫੈਲਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਟਰੰਪ ਦੀ ਮੁਹਿੰਮ ਟੀਮ ਨੇ 10 ਅਗਸਤ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ‘ਤੇ ਸਾਈਬਰ ਹਮਲਾ ਕੀਤਾ ਗਿਆ ਸੀ ਅਤੇ ਇਸ ਦਾ ਦੋਸ਼ ਈਰਾਨੀ ਹੈਕਰਾਂ ‘ਤੇ ਲਗਾਇਆ ਗਿਆ ਸੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸੰਵੇਦਨਸ਼ੀਲ ਜਾਣਕਾਰੀ ਚੋਰੀ ਕੀਤੀ ਗਈ ਸੀ ਅਤੇ ਕਈ ਨਿਊਜ਼ ਚੈਨਲਾਂ ਨੂੰ ਭੇਜੀ ਗਈ ਸੀ। ਹਾਲਾਂਕਿ ਇਨ੍ਹਾਂ ਨਿਊਜ਼ ਚੈਨਲਾਂ ਨੇ ਐਫਬੀਆਈ ਨੂੰ ਹੈਕਰਾਂ ਵੱਲੋਂ ਭੇਜੇ ਗਏ ਦਸਤਾਵੇਜ਼ਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।