ਕਿਸਾਨ ਜਥੇਬੰਦੀਆਂ ਨੂੰ ਮੌਕਾ ਖੁੱਸਣ ਦਾ ਡਰ, ਕੇਂਦਰ ਨੂੰ ਕਿਹਾ- ‘ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰੋ’

ਕਿਸਾਨ ਜਥੇਬੰਦੀਆਂ ਨੂੰ ਮੌਕਾ ਖੁੱਸਣ ਦਾ ਡਰ, ਕੇਂਦਰ ਨੂੰ ਕਿਹਾ- ‘ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰੋ’

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੰਤਰੀਆਂ ਨੂੰ ਕਿਹਾ ਕਿ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਚੋਣ ਜ਼ਾਬਤਾ ਲਗਾ ਦਿੱਤਾ ਜਾਵੇਗਾ।

ਕਿਸਾਨ ਜਥੇਬੰਦੀਆਂ ਅਤੇ ਕੇਂਦਰ ਮੰਤਰੀਆਂ ਵਿਚਾਲੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਲਗਾਤਾਰ ਮੀਟਿੰਗ ਹੋ ਰਹੀ ਹੈ। ਵੀਰਵਾਰ ਰਾਤ 8 ਵਜੇ ਤੋਂ 1.30 ਵਜੇ ਤੱਕ ਕੇਂਦਰੀ ਮੰਤਰੀਆਂ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਹੋਈ ਤੀਜੀ ਮੈਰਾਥਨ ਮੀਟਿੰਗ ਵਿੱਚ ਭਾਵੇਂ ਕੋਈ ਫੈਸਲਾ ਨਹੀਂ ਹੋ ਸਕਿਆ, ਪਰ ਕਿਸਾਨ ਆਗੂ ਆਪਣੀਆਂ ਮੰਗਾਂ ਜਲਦੀ ਪੂਰੀਆਂ ਕਰਵਾਉਣ ਲਈ ਅੜੇ ਹੋਏ ਹਨ।

ਵੀਰਵਾਰ ਦੇਰ ਰਾਤ ਹੋਈ ਮੀਟਿੰਗ ਵਿੱਚ ਜਦੋਂ ਫੈਸਲਾ ਹੋਇਆ ਕਿ ਮੀਟਿੰਗ ਐਤਵਾਰ ਨੂੰ ਦੁਬਾਰਾ ਹੋਵੇਗੀ ਤਾਂ ਕਿਸਾਨ ਆਗੂ ਕਰੀਬ ਡੇਢ ਘੰਟੇ ਤੱਕ ਇਸ ਗੱਲ ’ਤੇ ਅੜੇ ਰਹੇ ਕਿ ਇਹ ਮੀਟਿੰਗ ਇੱਕ-ਦੋ ਦਿਨਾਂ ਵਿੱਚ ਹੀ ਹੋਣੀ ਚਾਹੀਦੀ ਹੈ। ਕਿਸਾਨਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨਾਲ ਜੁੜੇ ਨੌਜਵਾਨਾਂ ਨੂੰ ਇੰਨਾ ਲੰਮਾ ਸਮਾਂ ਅੰਦੋਲਨ ਵਿੱਚ ਰੱਖਣਾ ਸਾਡੇ ਵੱਸ ਵਿੱਚ ਨਹੀਂ ਹੈ।

ਇਸ ‘ਤੇ ਇਕ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਕਿਸਾਨ ਨੇਤਾ ਹੋ, ਜੇਕਰ ਤੁਹਾਡਾ ਕੇਡਰ ਤੁਹਾਡੇ ਵੱਸ ‘ਚ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਕਿਉਂ ਲਿਆਏ। ਕਿਸਾਨ ਆਗੂ ਉਨ੍ਹਾਂ ਨੂੰ ਸਮਝਾਉਂਦੇ ਰਹੇ ਕਿ ਅੰਦੋਲਨ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਹਨ ਅਤੇ ਹਰ ਕਿਸੇ ਦੀ ਆਪੋ-ਆਪਣੇ ਥਾਂ ‘ਤੇ ਲੋੜ ਹੁੰਦੀ ਹੈ। ਇੰਨਾ ਹੀ ਨਹੀਂ ਕਿਸਾਨ ਆਗੂਆਂ ਨੇ ਮਹਿਸੂਸ ਕੀਤਾ ਕਿ ਕੇਂਦਰੀ ਮੰਤਰੀ ਟਾਲ-ਮਟੋਲ ਵਾਲਾ ਰਵੱਈਆ ਅਪਣਾ ਰਹੇ ਹਨ। ਜਦੋਂ ਕੇਂਦਰੀ ਮੰਤਰੀਆਂ ਨੇ ਅਗਲੀ ਮੀਟਿੰਗ ਐਤਵਾਰ ਨੂੰ ਕਰਨ ਬਾਰੇ ਪੁੱਛਿਆ ਤਾਂ ਕਿਸਾਨ ਆਗੂ ਇਹ ਮੀਟਿੰਗ ਸ਼ਨੀਵਾਰ ਨੂੰ ਕਰਨ ‘ਤੇ ਅੜੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਜਾਣਬੁੱਝ ਕੇ ਇਸ ਮਾਮਲੇ ਨੂੰ ਟਾਲ ਰਹੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੰਤਰੀਆਂ ਨੂੰ ਕਿਹਾ ਕਿ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਚੋਣ ਜ਼ਾਬਤਾ ਲਗਾ ਦਿੱਤਾ ਜਾਵੇਗਾ।