ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ‘ਤੇ ਭਗਵੰਤ ਮਾਨ ਸਰਕਾਰ, RTI ਦਾਇਰ ਕਰਕੇ ਮੰਗਿਆ ਹੈਲੀਕਾਪਟਰ ਦੇ ਖਰਚੇ ਦਾ ਵੇਰਵਾ

ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ‘ਤੇ ਭਗਵੰਤ ਮਾਨ ਸਰਕਾਰ, RTI ਦਾਇਰ ਕਰਕੇ ਮੰਗਿਆ ਹੈਲੀਕਾਪਟਰ ਦੇ ਖਰਚੇ ਦਾ ਵੇਰਵਾ

ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹਨ। ਭਗਵੰਤ ਮਾਨ ਨੇ ਵੋਟਾਂ ਲਈ ਮੁਫ਼ਤ ਬਿਜਲੀ ਦੇ ਕੇ ਬਿਜਲੀ ਨਿਗਮ ਨੂੰ ਵੀ ਕਰਜ਼ਦਾਰ ਬਣਾ ਦਿੱਤਾ ਹੈ।

ਨਵਜੋਤ ਸਿੰਘ ਸਿੱਧੂ ਕਾਫੀ ਸਮੇਂ ਤੋਂ ਸ਼ਾਂਤ ਸਨ ਅਤੇ ਹੁਣ ਉਨ੍ਹਾਂ ਨੇ ਇਕ ਵਾਰ ਫੇਰ ਆਮ ਆਦਮੀ ਪਾਰਟੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਸੂਬੇ ਦੀ ‘ਆਪ’ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਤੋਂ ਹੈਲੀਕਾਪਟਰਾਂ ਅਤੇ ਫਿਕਸ ਵਿੰਗ ਏਅਰਕਰਾਫਟ ਦੀ ਵਰਤੋਂ ‘ਤੇ ਕੀਤੇ ਖਰਚੇ ਦੇ ਵੇਰਵੇ ਮੰਗੇ ਅਤੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ (ਆਪ) ਦੇ ਪ੍ਰਚਾਰ ਲਈ ‘ਲਗਜ਼ਰੀ ਫਲਾਈਟਾਂ’ ‘ਤੇ ਪੰਜਾਬ ਦੇ ਲੋਕਾਂ ਦਾ ਪੈਸਾ ਦੂਜੇ ਰਾਜਾਂ ਵਿੱਚ ਖਰਚ ਕਰ ਰਹੀ ਹੈ।

ਸਿੱਧੂ ਨੇ ਸੂਚਨਾ ਦੇ ਅਧਿਕਾਰ ਤਹਿਤ ਪੰਜਾਬ ਸ਼ਹਿਰੀ ਹਵਾਬਾਜ਼ੀ ਸਕੱਤਰ ਨੂੰ ਪੱਤਰ ਲਿਖ ਕੇ ਇਸ ਸਬੰਧੀ ਜਾਣਕਾਰੀ ਮੰਗੀ ਹੈ। ਸੈਕਟਰ-17 ‘ਚ ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪਿਛਲੇ ਡੇਢ ਸਾਲ ‘ਚ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਹੋਰ ਸੂਬਿਆਂ ‘ਚ ਚੋਣ ਪ੍ਰਚਾਰ ਲਈ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਹੈ।

ਆਰ.ਟੀ.ਆਈ ਤਹਿਤ ਜਾਣਕਾਰੀ ਮੰਗਦਿਆਂ ਉਨ੍ਹਾਂ ਲਿਖਿਆ, ‘ਇਹ ਦੇਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਮੌਕਿਆਂ ‘ਤੇ ਸਰਕਾਰੀ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਹੈ ਅਤੇ ਪਾਰਟੀ ਦੇ ਮਾਮਲਿਆਂ ਨਾਲ ਸਬੰਧਤ ਮਿਸ਼ਨਾਂ ਅਤੇ ਦੌਰਿਆਂ ਲਈ ਫਿਕਸਡ ਵਿੰਗ ਵਾਲੇ ਜਹਾਜ਼ ਵੀ ਕਿਰਾਏ ‘ਤੇ ਲਏ ਹਨ।

ਸਿੱਧੂ ਨੇ ਕਿਹਾ ਕਿ ਮੈਨੂੰ RTI ਦੇ ਤਹਿਤ ਵੱਖ-ਵੱਖ ਖਾਤਿਆਂ ਬਾਰੇ ਜਾਣਕਾਰੀ ਚਾਹੀਦੀ ਹੈ। ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਸਕੱਤਰ ਨੂੰ ਇਹ ਵੀ ਲਿਖਿਆ, ‘ਕਿਉਂਕਿ ਰਾਜ ਸਰਕਾਰ ਨੂੰ ਫਿਕਸਡ-ਵਿੰਗ ਏਅਰਕ੍ਰਾਫਟ ਕਿਰਾਏ ‘ਤੇ ਲੈਣ ਕਾਰਨ ਵਿੱਤੀ ਬੋਝ ਝੱਲਣਾ ਪੈ ਰਿਹਾ ਹੈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਸ ਸਬੰਧ ਵਿੱਚ ਸੂਚਿਤ ਕਰੋ।’ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹਨ। ਇਨ੍ਹਾਂ ਨੇ ਵੋਟਾਂ ਲਈ ਮੁਫ਼ਤ ਬਿਜਲੀ ਦੇ ਕੇ ਬਿਜਲੀ ਨਿਗਮ ਨੂੰ ਵੀ ਕਰਜ਼ਦਾਰ ਬਣਾ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ-ਵੱਡੇ ਦਾਅਵੇ ਕੀਤੇ, ਪਰ ਸਭ ਝੂਠੇ ਸਾਬਤ ਹੋਏ। ਉਨ੍ਹਾਂ ਭਗਵੰਤ ਮਾਨ ਨੂੰ ਅਖ਼ਬਾਰੀ ਮੁੱਖ ਮੰਤਰੀ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਆਰ.ਟੀ.ਆਈਜ਼ ਦਾ ਜਵਾਬ ਨਹੀਂ ਦਿੰਦੀ, ਜਿਸ ਕਾਰਨ ਚਾਰ ਵਾਰ ਦੇ ਸੰਸਦ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਵਿੱਚ ਜਾਣਕਾਰੀ ਲੈਣ ਲਈ ਆਉਣਾ ਪੈਂਦਾ ਹੈ।