ਰਾਏਬਰੇਲੀ ਤੋਂ ਚੋਣ ਲੜ ਸਕਦੀ ਹੈ ਪ੍ਰਿਅੰਕਾ ਗਾਂਧੀ, ਰਾਜਸਥਾਨ ਤੋਂ ਸੋਨੀਆ ਗਾਂਧੀ ਨੂੰ ਰਾਜ ਸਭਾ ਭੇਜਣ ਦੀ ਸੰਭਾਵਨਾ

ਰਾਏਬਰੇਲੀ ਤੋਂ ਚੋਣ ਲੜ ਸਕਦੀ ਹੈ ਪ੍ਰਿਅੰਕਾ ਗਾਂਧੀ, ਰਾਜਸਥਾਨ ਤੋਂ ਸੋਨੀਆ ਗਾਂਧੀ ਨੂੰ ਰਾਜ ਸਭਾ ਭੇਜਣ ਦੀ ਸੰਭਾਵਨਾ

ਸੋਮਵਾਰ ਸ਼ਾਮ ਨੂੰ ਦਿੱਲੀ ਸਥਿਤ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਇਕ ਅਹਿਮ ਬੈਠਕ ਹੋਈ। ਇਸ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਖਾਲੀ ਕੀਤੀ ਗਈ ਰਾਜ ਸਭਾ ਸੀਟ ਸੋਨੀਆ ਗਾਂਧੀ ਨੂੰ ਦੇਣ ‘ਤੇ ਚਰਚਾ ਹੋਈ।

ਲੋਕਸਭਾ ਚੋਣਾਂ 2024 ਲਈ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਕਮਰ ਕਸ ਲਈ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਲੋਕ ਸਭਾ ਚੋਣਾਂ 2024 ਵਿੱਚ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੀਟ ਤੋਂ ਚੋਣ ਲੜ ਸਕਦੀ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ 2004 ਤੋਂ ਇੱਥੋਂ ਚੋਣ ਲੜ ਰਹੀ ਹੈ।

ਸੂਤਰਾਂ ਮੁਤਾਬਕ ਪਾਰਟੀ ਇਸ ਵਾਰ ਸੋਨੀਆ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜਣ ‘ਤੇ ਵਿਚਾਰ ਕਰ ਰਹੀ ਹੈ। ਦਰਅਸਲ 27 ਫਰਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਸੋਮਵਾਰ ਸ਼ਾਮ ਨੂੰ ਦਿੱਲੀ ਸਥਿਤ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਇਕ ਅਹਿਮ ਬੈਠਕ ਹੋਈ। ਇਸ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਖਾਲੀ ਕੀਤੀ ਗਈ ਰਾਜ ਸਭਾ ਸੀਟ ਸੋਨੀਆ ਗਾਂਧੀ ਨੂੰ ਦੇਣ ‘ਤੇ ਚਰਚਾ ਹੋਈ।

ਪ੍ਰਿਅੰਕਾ ਗਾਂਧੀ ਨੇ ਅੱਜ ਤੱਕ ਕਦੇ ਚੋਣ ਨਹੀਂ ਲੜੀ ਹੈ। ਰਾਏਬਰੇਲੀ ਸੀਟ ਕਾਂਗਰਸ ਦੀ ਸਭ ਤੋਂ ਸੁਰੱਖਿਅਤ ਸੀਟ ਮੰਨੀ ਜਾਂਦੀ ਹੈ। 1952 ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਇੱਥੇ ਸਿਰਫ਼ ਤਿੰਨ ਵਾਰ ਹਾਰੀ ਹੈ। ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਸੰਭਾਵੀ ਹਲਕੇ ਲਈ ਨਵੇਂ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ‘ਚ ਰਾਹੁਲ ਗਾਂਧੀ, ਸੋਨੀਆ ਗਾਂਧੀ, ਅਖਿਲੇਸ਼ ਯਾਦਵ, ਕਨੀਮੋਝੀ, ਅਭਿਸ਼ੇਕ ਬੈਨਰਜੀ, ਮੱਲਿਕਾਰਜੁਨ ਖੜਗੇ ਆਦਿ ਦੇ ਖਿਲਾਫ 3 ਸੰਭਾਵਿਤ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਪਹਿਲਾਂ ਦੱਖਣੀ ਭਾਰਤੀ ਰਾਜਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਪਾਰਟੀ ਦੇ ਮਹਿਲਾ ਮੋਰਚਾ ਦੀ ਬੁਲਾਰਾ ਨਦੀਮਪੱਲੀ ਯਮੁਨਾ ਪਾਠਕ ਨੂੰ ਤੇਲੰਗਾਨਾ ਵਿੱਚ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਸਾਬਕਾ ਕ੍ਰਿਕਟਰ ਐੱਸ. ਸ਼੍ਰੀਸੰਤ ਤ੍ਰਿਵੇਂਦਰਮ ਤੋਂ ਸ਼ਸ਼ੀ ਥਰੂਰ ਖਿਲਾਫ ਚੋਣ ਲੜ ਸਕਦੇ ਹਨ।