ਰੇਲ ਹਾਦਸਾ : ਆਂਧਰਾ ਪ੍ਰਦੇਸ਼ ‘ਚ ਦੋ ਟਰੇਨਾਂ ਦੀ ਟੱਕਰ,13 ਲੋਕਾਂ ਦੀ ਮੌਤਾਂ, ਡਰਾਈਵਰ ਨੇ ਸਿਗਨਲ ਤੋੜ ਕੇ ਦੂਜੀ ਟਰੇਨ ਨੂੰ ਮਾਰ ਦਿੱਤੀ ਟੱਕਰ

ਰੇਲ ਹਾਦਸਾ : ਆਂਧਰਾ ਪ੍ਰਦੇਸ਼ ‘ਚ ਦੋ ਟਰੇਨਾਂ ਦੀ ਟੱਕਰ,13 ਲੋਕਾਂ ਦੀ ਮੌਤਾਂ, ਡਰਾਈਵਰ ਨੇ ਸਿਗਨਲ ਤੋੜ ਕੇ ਦੂਜੀ ਟਰੇਨ ਨੂੰ ਮਾਰ ਦਿੱਤੀ ਟੱਕਰ

ਵਿਜ਼ਿਆਨਗਰਮ ਦੇ ਅਲਮੰਡਾ-ਕਾਂਕਟਪੱਲੀ ਵਿਚਕਾਰ ਟਰੇਨਾਂ ਦੀ ਟੱਕਰ ਹੋ ਗਈ। ਈਸਟ ਕੋਸਟ ਰੇਲਵੇ ਦੇ ਸੀਪੀਆਰਓ ਵਿਸ਼ਵਜੀਤ ਸਾਹੂ ਨੇ ਦੱਸਿਆ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਹੈ।

ਦੇਸ਼ ਵਿਚ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਦੋ ਟਰੇਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ 9 ਯਾਤਰੀਆਂ ਦੀ ਮੌਤ ਹੋ ਗਈ । ਸੋਮਵਾਰ ਸਵੇਰੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ। ਇਸ ਹਾਦਸੇ ‘ਚ 50 ਯਾਤਰੀ ਜ਼ਖਮੀ ਹੋ ਗਏ ਹਨ।

ਵਿਜ਼ਿਆਨਗਰਮ ਦੇ ਅਲਮੰਡਾ-ਕਾਂਕਟਪੱਲੀ ਵਿਚਕਾਰ ਟਰੇਨਾਂ ਦੀ ਟੱਕਰ ਹੋ ਗਈ। ਈਸਟ ਕੋਸਟ ਰੇਲਵੇ ਦੇ ਸੀਪੀਆਰਓ ਵਿਸ਼ਵਜੀਤ ਸਾਹੂ ਨੇ ਦੱਸਿਆ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਹੈ। ਵਿਸ਼ਾਖਾਪਟਨਮ-ਰਯਾਗੜਾ ਪੈਸੰਜਰ ਟਰੇਨ ਦੇ ਡਰਾਈਵਰ ਨੇ ਸਿਗਨਲ ਨੂੰ ਓਵਰਸ਼ੂਟ ਕਰ ਦਿੱਤਾ, ਜਿਸ ਕਾਰਨ ਇਹ ਚੱਲ ਰਹੀ ਵਿਸ਼ਾਖਾਪਟਨਮ-ਪਲਾਸਾ ਪੈਸੰਜਰ ਟਰੇਨ ਨਾਲ ਟਕਰਾ ਗਈ।

ਟੱਕਰ ਕਾਰਨ ਦੋਵੇਂ ਟਰੇਨਾਂ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਇਨ੍ਹਾਂ ਵਿੱਚੋਂ 3 ਡੱਬੇ ਮੋਹਰੀ ਰੇਲਗੱਡੀ ਦੇ ਸਨ ਅਤੇ ਦੋ ਪਿੱਛੇ ਚੱਲ ਰਹੀ ਰੇਲ ਦੇ ਸਨ। ਰੇਲਵੇ ਸੀਪੀਆਰਓ ਦੇ ਅਨੁਸਾਰ, ਸਿਗਨਲ ਓਵਰਸ਼ੂਟ ਉਦੋਂ ਹੁੰਦਾ ਹੈ, ਜਦੋਂ ਕੋਈ ਟਰੇਨ ਲਾਲ ਸਿਗਨਲ ‘ਤੇ ਰੁਕਣ ਦੀ ਬਜਾਏ ਅੱਗੇ ਵਧਦੀ ਹੈ। ਹਾਦਸੇ ਤੋਂ ਬਾਅਦ ਇਸ ਰੂਟ ‘ਤੇ 33 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, 11 ਟਰੇਨਾਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ ਅਤੇ 22 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ।

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਸੱਟਾਂ ਲੱਗਣ ‘ਤੇ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦੇ ਨਿਰਦੇਸ਼ ਦਿੱਤੇ ਹਨ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਂਧਰਾ ਪ੍ਰਦੇਸ਼ ਰੇਲ ਹਾਦਸੇ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਜਿੰਨਾ ਉਤਸ਼ਾਹ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ‘ਚ ਦਿਖਾਇਆ ਜਾਂਦਾ ਹੈ, ਓਨਾ ਹੀ ਉਤਸ਼ਾਹ ਰੇਲਵੇ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਕਾਰਵਾਈ ਕਰਨ ‘ਚ ਵੀ ਦਿਖਾਇਆ ਜਾਣਾ ਚਾਹੀਦਾ ਹੈ।