ਲੱਦਾਖੀ ਕਾਰਕੁਨ ਸੋਨਮ ਵਾਂਗਚੁਕ ਨੇ ਕੀਤੀ ਭੁੱਖ ਹੜਤਾਲ ਖਤਮ, ਕੇਂਦਰ ਸਰਕਾਰ ਤੋਂ ਗੱਲਬਾਤ ਦਾ ਭਰੋਸਾ ਮਿਲਣ ਤੋਂ ਬਾਅਦ ਲਿਆ ਫੈਸਲਾ

ਲੱਦਾਖੀ ਕਾਰਕੁਨ ਸੋਨਮ ਵਾਂਗਚੁਕ ਨੇ ਕੀਤੀ ਭੁੱਖ ਹੜਤਾਲ ਖਤਮ, ਕੇਂਦਰ ਸਰਕਾਰ ਤੋਂ ਗੱਲਬਾਤ ਦਾ ਭਰੋਸਾ ਮਿਲਣ ਤੋਂ ਬਾਅਦ ਲਿਆ ਫੈਸਲਾ

ਸੋਨਮ ਵਾਂਗਚੁਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਦੁਬਾਰਾ ਭੁੱਖ ਹੜਤਾਲ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਗੱਲਬਾਤ ਦਾ ਅੰਤ ਸੁਖਾਵਾਂ ਹੋਵੇਗਾ।

ਲੱਦਾਖੀ ਕਾਰਕੁਨ ਸੋਨਮ ਵਾਂਗਚੁਕ ਨੇ ਆਖਿਰਕਾਰ ਆਪਣੀ ਭੁੱਖ ਹੜਤਾਲ ਖਤਮ ਕਰ ਦਿਤੀ ਹੈ। ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਸੋਮਵਾਰ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਦਿਤੀ ਹੈ। ਉਹ ਪਿਛਲੇ 15 ਦਿਨਾਂ ਤੋਂ ਹੜਤਾਲ ‘ਤੇ ਸਨ।

ਸੋਮਵਾਰ ਨੂੰ, ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਲੱਦਾਖ ਦੀਆਂ ਮੰਗਾਂ ‘ਤੇ ਦਸੰਬਰ ਵਿੱਚ ਦੁਬਾਰਾ ਗੱਲਬਾਤ ਸ਼ੁਰੂ ਕੀਤੀ ਜਾਵੇਗੀ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸੰਯੁਕਤ ਸਕੱਤਰ ਪ੍ਰਸ਼ਾਂਤ ਲੋਖੰਡੇ ਨੇ ਦਿੱਲੀ ਦੇ ਲੱਦਾਖ ਭਵਨ ‘ਚ ਭੁੱਖ ਹੜਤਾਲ ‘ਤੇ ਬੈਠੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦਾ ਪੱਤਰ ਸੌਂਪਿਆ। ਪੱਤਰ ਵਿੱਚ ਕਿਹਾ ਗਿਆ ਹੈ ਕਿ ਮੰਤਰਾਲੇ ਦੀ ਉੱਚ-ਪੱਧਰੀ ਕਮੇਟੀ, ਜੋ ਲੱਦਾਖ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰ ਰਹੀ ਹੈ, ਆਪਣੀ ਅਗਲੀ ਮੀਟਿੰਗ 3 ਦਸੰਬਰ ਨੂੰ ਕਰੇਗੀ।

ਵਾਂਗਚੁਕ ਨੇ ਕਿਹਾ, ‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੀ ਭੁੱਖ ਹੜਤਾਲ ਦੇ 16ਵੇਂ ਦਿਨ ਸਾਡੀ ਮੁੱਖ ਅਪੀਲ ਦਾ ਹੱਲ ਹੋ ਗਿਆ ਹੈ। ਹੁਣੇ ਹੁਣੇ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਲੱਦਾਖ ਭਵਨ ਵਿੱਚ ਆ ਕੇ ਇਹ ਪੱਤਰ ਸੌਂਪਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨਾਲ ਲੇਹ ਐਪੈਕਸ ਬਾਡੀ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਵਿਚਾਲੇ ਚੱਲ ਰਹੀ ਗੱਲਬਾਤ ਜਲਦੀ ਹੀ ਮੁੜ ਸ਼ੁਰੂ ਹੋਵੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਲੱਦਾਖ ਦੀਆਂ ਦੋ ਪ੍ਰਮੁੱਖ ਸਮਾਜਿਕ-ਰਾਜਨੀਤਿਕ ਸੰਸਥਾਵਾਂ – ਲੇਹ ਐਪੈਕਸ ਬਾਡੀ ਅਤੇ ਕਾਰਗਿਲ ਡੈਮੋਕਰੇਟਿਕ ਅਲਾਇੰਸ – ਵਿਚਕਾਰ ਗੱਲਬਾਤ ਦੇ ਚੰਗੇ ਨਤੀਜੇ ਨਿਕਲਣਗੇ। ਵਾਂਗਚੁਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਦੁਬਾਰਾ ਭੁੱਖ ਹੜਤਾਲ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਗੱਲਬਾਤ ਦਾ ਅੰਤ ਸੁਖਾਵਾਂ ਹੋਵੇਗਾ।