‘ਕਿਸਾਨ ਅੰਦੋਲਨ ਤੋਂ ਦੋਵੇਂ ਪਾਰਟੀਆਂ ਲੈ ਰਹੀਆਂ ਹਨ ਸਿਆਸੀ ਲਾਹਾ’, ਸੁਨੀਲ ਜਾਖੜ ਦਾ ‘ਆਪ’-ਕਾਂਗਰਸ ‘ਤੇ ਹਮਲਾ

‘ਕਿਸਾਨ ਅੰਦੋਲਨ ਤੋਂ ਦੋਵੇਂ ਪਾਰਟੀਆਂ ਲੈ ਰਹੀਆਂ ਹਨ ਸਿਆਸੀ ਲਾਹਾ’, ਸੁਨੀਲ ਜਾਖੜ ਦਾ ‘ਆਪ’-ਕਾਂਗਰਸ ‘ਤੇ ਹਮਲਾ

ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕੋਰ ਕਮੇਟੀ ਵਿੱਚ ਫੈਸਲਾ ਹੋਇਆ ਹੈ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ, ਇਸ ਮੁੱਦੇ ਨੂੰ ਲੈ ਕੇ ਪਾਰਟੀ ਲੋਕਾਂ ਵਿੱਚ ਜਾਵੇਗੀ।

ਪੰਜਾਬ ਵਿਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਲੋਕਸਭਾ 2024 ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਇਕ ਪਾਸੇ ਕਿਸਾਨਾਂ ਦੇ ਪੁੱਤਰ ਮਰ ਰਹੇ ਹਨ ਅਤੇ ਦੋਵੇਂ ਪਾਰਟੀਆਂ ਇਸ ਦਾ ਸਿਆਸੀ ਲਾਹਾ ਲੈਣ ਦੀ ਸਾਜ਼ਿਸ਼ ਰਚ ਰਹੀਆਂ ਹਨ।

ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਵਿੱਚ ਵਿਘਨ ਪਾਇਆ ਤਾਂ ਜੋ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਹੋ ਜਾਵੇ। ਸੁਖ ਵਿਲਾਸ ਨੂੰ ਲੈ ਕੇ ਮੁੱਖ ਮੰਤਰੀ ਦੀ ਬਿਆਨਬਾਜ਼ੀ ਬਾਰੇ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਛੇ ਵਾਰ ਕਾਰਵਾਈ ਦੀ ਗੱਲ ਕਰ ਚੁੱਕੇ ਹਨ ਪਰ ਇੱਕ ਵੀ ਕਦਮ ਨਹੀਂ ਚੁੱਕ ਸਕੇ। ਆਖ਼ਰ ਮੁੱਖ ਮੰਤਰੀ ਨੂੰ ਕੌਣ ਰੋਕ ਰਿਹਾ ਹੈ? ਜੇ ਕੁਝ ਗਲਤ ਹੋਇਆ ਹੈ, ਤਾਂ ਕਾਰਵਾਈ ਕਰੋ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕੋਰ ਕਮੇਟੀ ਵਿੱਚ ਫੈਸਲਾ ਹੋਇਆ ਹੈ ਕਿ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ, ਜਿਸਨੂੰ ਲੈ ਕੇ ਨਾਲ ਪਾਰਟੀ ਲੋਕਾਂ ਵਿੱਚ ਜਾਵੇਗੀ।

ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ, ਸੂਬੇ ‘ਤੇ ਵੱਧ ਰਹੇ ਕਰਜ਼ੇ ਦਾ ਬੋਝ, ਨਸ਼ਿਆਂ ਦੇ ਮਾਮਲਿਆਂ ‘ਚ ਵਾਧੇ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਭਾਜਪਾ ਇਨ੍ਹਾਂ ਮੁੱਦਿਆਂ ਨੂੰ ਉਠਾਏਗੀ। ਜਾਖੜ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਰਾਜਪਾਲ ਨੇ ਆਪਣੇ ਸੰਬੋਧਨ ਦੌਰਾਨ ਸਦਨ ਵਿੱਚ ਵਿਘਨ ਨਾ ਪਾਉਣ ਦੀ ਵਾਰ-ਵਾਰ ਅਪੀਲ ਕੀਤੀ, ਪਰ ਕਾਂਗਰਸ ਆਪਣੇ ਸਿਆਸੀ ਲਾਹੇ ਲਈ ਅਜਿਹਾ ਕਰਦੀ ਰਹੀ, ਕਿਉਂਕਿ ਉਹ ਆਪਣੀ ਭਾਈਵਾਲ ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਸੀ। ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਅਤੇ ਸਮਝ ਰਹੇ ਹਨ। ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਅਤੇ ‘ਆਪ’ ਨੂੰ ਸਬਕ ਸਿਖਾਉਣਗੇ।