ਪਾਕਿਸਤਾਨ ਦੇ ਪੀਆਰਓ ਵਾਂਗ ਬੋਲਣਾ ਬੰਦ ਕਰਨ ਫਾਰੂਕ ਅਬਦੁੱਲਾ : ਤਰੁਣ ਚੁੱਘ

ਪਾਕਿਸਤਾਨ ਦੇ ਪੀਆਰਓ ਵਾਂਗ ਬੋਲਣਾ ਬੰਦ ਕਰਨ ਫਾਰੂਕ ਅਬਦੁੱਲਾ : ਤਰੁਣ ਚੁੱਘ

ਚੁੱਘ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਅਬਦੁੱਲਾ ਹਮੇਸ਼ਾ ਪਾਕਿਸਤਾਨ ਦੀ ਭਾਸ਼ਾ ਬੋਲਦੇ ਰਹੇ ਹਨ ਅਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਆਮ ਆਦਮੀ ਦੇ ਵਿਕਾਸ ਅਤੇ ਤਰੱਕੀ ਦੀ ਕੋਈ ਚਿੰਤਾ ਨਹੀਂ ਹੈ।

ਤਰੁਣ ਚੁੱਘ ਫਾਰੂਕ ਅਬਦੁੱਲਾ ਦੇ ਇਕ ਬਿਆਨ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਤਰੁਣ ਚੁੱਘ ਨੇ ਕਿਹਾ ਕਿ ਪਾਕਿਸਤਾਨ ਨਾਲ ਉਸੇ ਤਰ੍ਹਾਂ ਹੀ ਨਜਿੱਠਿਆ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਉਹ ਸਰਹੱਦ ਪਾਰ ਅੱਤਵਾਦ ਨੂੰ ਹੱਲਾਸ਼ੇਰੀ ਦੇ ਕੇ ਅਤੇ ਸਾਜ਼ਿਸ਼ ਰਚ ਕੇ ਭਾਰਤ ਨਾਲ ਕਰ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਪਾਰਟੀ ਇੰਚਾਰਜ ਤਰੁਣ ਚੁੱਘ ਨੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਆਲੋਚਨਾ ਕੀਤੀ।

ਚੁੱਘ ਨੇ ਕਿਹਾ ਕਿ ਫਾਰੂਕ ਅਬਦੁੱਲਾ ਨੇ ਅਜਿਹੇ ਸਮੇਂ ‘ਚ ਪਾਕਿਸਤਾਨ ਨਾਲ ਗੱਲਬਾਤ ਦਾ ਸੁਝਾਅ ਦਿੱਤਾ ਹੈ, ਜਦੋਂ ਪਾਕਿਸਤਾਨ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਅੱਤਵਾਦੀਆਂ ਦੇ ਸੰਗਠਿਤ ਸਮੂਹਾਂ ਨੂੰ ਜੰਮੂ-ਕਸ਼ਮੀਰ ‘ਚ ਭੇਜ ਰਿਹਾ ਹੈ। ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਪਹਿਲਾਂ ਦੀ ਤਰ੍ਹਾਂ ਹੀ ਪਾਕਿਸਤਾਨ ਸਪਾਂਸਰਡ ਅੱਤਵਾਦ ਨੂੰ ਖਤਮ ਕਰਨ ਲਈ ਦ੍ਰਿੜ ਹੈ।

ਭਾਜਪਾ ਦੇ ਜਨਰਲ ਸਕੱਤਰ ਨੇ ਕਿਹਾ ਕਿ ਫਾਰੂਕ ਅਬਦੁੱਲਾ ਨੂੰ ਪਾਕਿਸਤਾਨ ਆਈਐਸਆਈ ਦੇ ਪੀਆਰਓ ਵਾਂਗ ਵਿਵਹਾਰ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਰੋਕਣ ਲਈ ਕਹਿਣ ਦੀ ਬਜਾਏ ਅਬਦੁੱਲਾ ਭਾਰਤ ਨੂੰ ਸ਼ਾਂਤੀ ਵਾਰਤਾ ਲਈ ਅੱਗੇ ਲਿਜਾਣ ਦਾ ਸੁਝਾਅ ਦੇ ਰਿਹਾ ਹੈ।

ਚੁੱਘ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਅਬਦੁੱਲਾ ਹਮੇਸ਼ਾ ਪਾਕਿਸਤਾਨ ਦੀ ਭਾਸ਼ਾ ਬੋਲਦਾ ਰਿਹਾ ਹੈ ਅਤੇ ਉਸ ਨੂੰ ਜੰਮੂ-ਕਸ਼ਮੀਰ ਦੇ ਆਮ ਆਦਮੀ ਦੇ ਵਿਕਾਸ ਅਤੇ ਤਰੱਕੀ ਦੀ ਕੋਈ ਚਿੰਤਾ ਨਹੀਂ ਹੈ। ਅਜਿਹੇ ਸਮੇਂ ਵਿਚ ਜਦੋਂ ਜੰਮੂ-ਕਸ਼ਮੀਰ ਵਿਚ ਸੈਰ-ਸਪਾਟਾ ਸਿਖਰ ‘ਤੇ ਹੈ, ਅਬਦੁੱਲਾ ਨੂੰ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅੱਤਵਾਦ ਦੀ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ। ਅਬਦੁੱਲਾ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਵਿਚਲੇ ਆਪਣੇ ਆਕਾਵਾਂ ਨੂੰ ਸਰਹੱਦ ਪਾਰ ਅੱਤਵਾਦ ਰੋਕਣ ਅਤੇ ਫਿਰ ਮੋਦੀ ਸਰਕਾਰ ਨੂੰ ਕੁਝ ਸੁਝਾਅ ਦੇਣ।