ਅਸੀਂ ਰੂਸ ਨਾਲ ਜੰਗਬੰਦੀ ਨਹੀਂ ਕਰਾਂਗੇ, ਮਾਸਕੋ ਨੂੰ ਜੰਗਬੰਦੀ ਦਾ ਫਾਇਦਾ ਹੋਵੇਗਾ : ਜ਼ੇਲੇਂਸਕੀ

ਅਸੀਂ ਰੂਸ ਨਾਲ ਜੰਗਬੰਦੀ ਨਹੀਂ ਕਰਾਂਗੇ, ਮਾਸਕੋ ਨੂੰ ਜੰਗਬੰਦੀ ਦਾ ਫਾਇਦਾ ਹੋਵੇਗਾ : ਜ਼ੇਲੇਂਸਕੀ

ਫਰਵਰੀ 2022 ਵਿੱਚ ਰੂਸ ਦੁਆਰਾ ਪੂਰੇ ਪੈਮਾਨੇ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ, ਸੀਮਤ ਜੰਗਬੰਦੀ ਦੇ ਕਈ ਪ੍ਰਸਤਾਵ ਬਣਾਏ ਗਏ ਹਨ, ਪਰ ਇਹਨਾਂ ਨੂੰ ਕਦੇ ਵੀ ਲਾਗੂ ਨਹੀਂ ਕੀਤਾ ਗਿਆ।

ਰੂਸ- ਯੂਕਰੇਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਨਾਲ ਚੱਲ ਰਹੇ ਯੁੱਧ ਵਿੱਚ ਜੰਗਬੰਦੀ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰੂਸ ਜੰਗਬੰਦੀ ਦੀ ਵਰਤੋਂ ਯੂਕਰੇਨੀ ਫੌਜਾਂ ਖਿਲਾਫ ਹਥਿਆਰਾਂ ਦੀ ਕਮੀ ਨੂੰ ਪੂਰਾ ਕਰਨ ਅਤੇ ਫੌਜ ਨੂੰ ਪੁਨਰਗਠਿਤ ਕਰਨ ਲਈ ਕਰੇਗਾ। ਐਸਟੋਨੀਆ ਦੇ ਦੌਰੇ ਦੌਰਾਨ, ਜ਼ੇਲੇਨਸਕੀ ਨੇ ਕਿਹਾ ਕਿ ‘ਯੂਕਰੇਨੀ ਯੁੱਧ ਦੇ ਮੈਦਾਨ ‘ਤੇ ਹਮਲਿਆਂ ਵਿੱਚ ਵਿਰਾਮ ਦਾ ਮਤਲਬ ਜੰਗਬੰਦੀ ਨਹੀਂ ਹੋਵੇਗਾ।’

ਉਨ੍ਹਾਂ ਕਿਹਾ ਕਿ ਜੰਗਬੰਦੀ ਦਾ ਰੂਸ ਨੂੰ ਫਾਇਦਾ ਹੋਵੇਗਾ ਅਤੇ ਬਾਅਦ ਵਿੱਚ ਸਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਫਰਵਰੀ 2022 ਵਿੱਚ ਰੂਸ ਦੁਆਰਾ ਪੂਰੇ ਪੈਮਾਨੇ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ, ਸੀਮਤ ਜੰਗਬੰਦੀ ਦੇ ਕਈ ਪ੍ਰਸਤਾਵ ਬਣਾਏ ਗਏ ਹਨ, ਪਰ ਇਹਨਾਂ ਨੂੰ ਕਦੇ ਵੀ ਲਾਗੂ ਨਹੀਂ ਕੀਤਾ ਗਿਆ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੂੰ ਉੱਤਰੀ ਕੋਰੀਆ ਤੋਂ ਤੋਪਖਾਨੇ ਅਤੇ ਮਿਜ਼ਾਈਲਾਂ ਅਤੇ ਈਰਾਨ ਤੋਂ ਡਰੋਨ ਮਿਲ ਰਹੇ ਹਨ। 4 ਜਨਵਰੀ ਨੂੰ ਵ੍ਹਾਈਟ ਹਾਊਸ ਨੇ ਅਮਰੀਕੀ ਖੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਰੂਸ ਨੇ ਉੱਤਰੀ ਕੋਰੀਆ ਤੋਂ ਬੈਲਿਸਟਿਕ ਮਿਜ਼ਾਈਲਾਂ ਹਾਸਲ ਕੀਤੀਆਂ ਹਨ ਅਤੇ ਉਹ ਈਰਾਨ ਰਾਹੀਂ ਇਨ੍ਹਾਂ ਦੀ ਦਰਾਮਦ ਕਰ ਰਿਹਾ ਹੈ।

ਜ਼ੇਲੇਂਸਕੀ ਬਾਲਟਿਕ ਦੇਸ਼ਾਂ ਦੇ ਦੋ ਦਿਨਾਂ ਦੌਰੇ ਦੇ ਹਿੱਸੇ ਵਜੋਂ, ਯੂਕਰੇਨ ਦੇ ਸਭ ਤੋਂ ਕੱਟੜ ਸਮਰਥਕਾਂ ਵਿੱਚੋਂ ਇੱਕ, ਐਸਟੋਨੀਆ ਦੀ ਰਾਜਧਾਨੀ ਤਾਲਿਨ ਪਹੁੰਚੇ ਸਨ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਿਯੋਗੀ ਦਿਮਿਤਰੀ ਮੇਦਵੇਦੇਵ ਨੇ ਕਿਹਾ ਕਿ ਜੇਕਰ ਯੂਕਰੇਨ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਮਿਜ਼ਾਈਲਾਂ ਨਾਲ ਰੂਸ ਦੇ ਅੰਦਰ ਕਿਸੇ ਵੀ ਟਿਕਾਣੇ ‘ਤੇ ਹਮਲਾ ਕੀਤਾ ਤਾਂ ਮਾਸਕੋ ਪ੍ਰਮਾਣੂ ਹਮਲੇ ਨਾਲ ਜਵਾਬ ਦੇਵੇਗਾ। ਸਾਬਕਾ ਰੂਸੀ ਰਾਸ਼ਟਰਪਤੀ ਮੇਦਵੇਦੇਵ ਇਸ ਸਮੇਂ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਉਪ ਚੇਅਰਮੈਨ ਹਨ।