ਕਾਂਗਰਸ ਸਾਂਸਦ ਅਧੀਰ ਰੰਜਨ ਚੌਧਰੀ ਨੂੰ ਮਿਲੀ ਰਾਹਤ, ਲੋਕ ਸਭਾ ਕਮੇਟੀ ਨੇ ਮੁਅੱਤਲੀ ਕੀਤੀ ਰੱਦ

ਕਾਂਗਰਸ ਸਾਂਸਦ ਅਧੀਰ ਰੰਜਨ ਚੌਧਰੀ ਨੂੰ ਮਿਲੀ ਰਾਹਤ, ਲੋਕ ਸਭਾ ਕਮੇਟੀ ਨੇ ਮੁਅੱਤਲੀ ਕੀਤੀ ਰੱਦ

ਅਧੀਰ ਰੰਜਨ ਨੇ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਲੋਕ ਸਭਾ ‘ਚ ਕੀਤੀ ਆਪਣੀ ਟਿੱਪਣੀ ‘ਤੇ ਅਫਸੋਸ ਪ੍ਰਗਟ ਕੀਤਾ, ਜਿਸ ਤੋਂ ਬਾਅਦ ਕਮੇਟੀ ਨੇ ਮੁਅੱਤਲੀ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ।


ਕਾਂਗਰਸ ਨੇਤਾ ਅਤੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ, ਵਿਸ਼ੇਸ਼ ਅਧਿਕਾਰ ਕਮੇਟੀ ਨੇ ਉਨ੍ਹਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਲੋਕ ਸਭਾ ਦੇ ਅਗਲੇ ਸੈਸ਼ਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦਈਏ ਕਿ ਲੋਕ ਸਭਾ ਦੇ ਮਾਨਸੂਨ ਸੈਸ਼ਨ ‘ਚ ਪ੍ਰਧਾਨ ਮੰਤਰੀ ਖਿਲਾਫ ਟਿੱਪਣੀ ਕਰਨ ‘ਤੇ ਉਨ੍ਹਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ।

ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਬੁੱਧਵਾਰ ਨੂੰ ਲੋਕ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਵਿਸ਼ੇਸ਼ ਅਧਿਕਾਰ ਕਮੇਟੀ ਨੇ ਅਧੀਰ ਰੰਜਨ ਦੀ ਸੰਸਦ ਤੋਂ ਮੁਅੱਤਲੀ ਰੱਦ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਅਧੀਰ ਰੰਜਨ ਨੇ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਲੋਕ ਸਭਾ ‘ਚ ਕੀਤੀ ਆਪਣੀ ਟਿੱਪਣੀ ‘ਤੇ ਅਫਸੋਸ ਪ੍ਰਗਟ ਕੀਤਾ, ਜਿਸ ਤੋਂ ਬਾਅਦ ਕਮੇਟੀ ਨੇ ਮੁਅੱਤਲੀ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ।

ਮਾਨਸੂਨ ਸੈਸ਼ਨ ਦੇ ਆਖਰੀ ਦਿਨ 11 ਅਗਸਤ ਨੂੰ ਚੌਧਰੀ ਨੂੰ ਸੰਸਦ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਅਧੀਰ ਰੰਜਨ ਨੇ ਭਾਜਪਾ ਸੰਸਦ ਮੈਂਬਰ ਸੁਨੀਲ ਕੁਮਾਰ ਸਿੰਘ ਦੀ ਅਗਵਾਈ ਵਾਲੀ ਕਮੇਟੀ ਨੂੰ ਦੱਸਿਆ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਦਾ ਇਰਾਦਾ ਕਦੇ ਨਹੀਂ ਸੀ। ਵਿਸ਼ੇਸ਼ ਅਧਿਕਾਰ ਕਮੇਟੀ ਦੇ ਇਕ ਮੈਂਬਰ ਨੇ ਕਿਹਾ, “ਕਮੇਟੀ ਨੇ ਲੋਕ ਸਭਾ ਤੋਂ ਅਧੀਰ ਰੰਜਨ ਚੌਧਰੀ ਦੀ ਮੁਅੱਤਲੀ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਹੈ। ਇਸ ਮਤੇ ਨੂੰ ਜਲਦੀ ਤੋਂ ਜਲਦੀ ਲੋਕ ਸਭਾ ਸਪੀਕਰ ਨੂੰ ਭੇਜਿਆ ਜਾਵੇਗਾ।”

ਮਾਨਸੂਨ ਸੈਸ਼ਨ ਦੌਰਾਨ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਵਿੱਚ ਅਧੀਰ ਰੰਜਨ ਦੇ ਮਾੜੇ ਵਿਵਹਾਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਮੁਅੱਤਲ ਕਰਨ ਲਈ ਮਤਾ ਪੇਸ਼ ਕੀਤਾ ਸੀ। ਅਸਲ ‘ਚ ਅਧੀਰ ਰੰਜਨ ਚੌਧਰੀ ‘ਤੇ ਉਸ ਸਮੇਂ ਦੁਰਵਿਵਹਾਰ ਕਰਨ ਦਾ ਦੋਸ਼ ਲੱਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਮਾਨਸੂਨ ਸੈਸ਼ਨ ਦੌਰਾਨ ਸੰਸਦ ਨੂੰ ਸੰਬੋਧਨ ਕਰ ਰਹੇ ਸਨ। ਕੇਂਦਰ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਖਾਰਜ ਹੁੰਦੇ ਹੀ ਸਰਕਾਰ ਨੇ ਅਧੀਰ ਰੰਜਨ ਚੌਧਰੀ ਵਿਰੁੱਧ ਮੁਅੱਤਲੀ ਦਾ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਹੇਠਲੇ ਸਦਨ ਵਿਚ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ ਸੀ।