- ਪੰਜਾਬ
- No Comment
ਪੰਜਾਬ ਦੇ ਡੀਸੀ ਦਫ਼ਤਰ ਤੇ ਤਹਿਸੀਲਾਂ ਅੱਜ ਵੀ ਬੰਦ, ਨਹੀਂ ਹੋਵੇਗਾ ਕੰਮ, ਕਰਮਚਾਰੀ ਸਮੂਹਿਕ ਛੁੱਟੀ ‘ਤੇ ਗਏ

ਮੁਲਾਜ਼ਮ ਇਸ ਗੱਲ ’ਤੇ ਅੜੇ ਹੋਏ ਹਨ ਕਿ ਹਲਕਾ ਰੋਪੜ ਦੇ ਵਿਧਾਇਕ ਤਹਿਸੀਲ ਵਿੱਚ ਆ ਕੇ ਮੁਲਾਜ਼ਮਾਂ ਨਾਲ ਕੀਤੇ ਮਾੜੇ ਵਿਵਹਾਰ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣ।
ਪੰਜਾਬ ਦੇ ਡੀਸੀ ਦਫ਼ਤਰ ਤੇ ਤਹਿਸੀਲਾਂ ਵਿਚ ਅੱਜ ਵੀ ਕੰਮ ਨਹੀਂ ਹੋਵੇਗਾ। ਪੰਜਾਬ ਦੇ ਡੀਸੀ ਦਫ਼ਤਰਾਂ ਅਤੇ ਤਹਿਸੀਲਾਂ ਨੂੰ ਅੱਜ ਵੀ ਤਾਲੇ ਲੱਗੇ ਰਹਿਣਗੇ। ਸਾਰੇ ਮੁਲਾਜ਼ਮਾਂ ਨੇ ਅੱਜ ਸਮੂਹਿਕ ਛੁੱਟੀ ਲੈ ਲਈ ਹੈ। ਅੱਜ ਸਾਰੇ ਮੁਲਾਜ਼ਮ ਰੋਪੜ ਵਿੱਚ ਇਕੱਠੇ ਹੋਣਗੇ ਅਤੇ ਪੂਰੇ ਸ਼ਹਿਰ ਵਿੱਚ ਪਹਿਲੀ ਅਰਥੀ ਫੂਕ ਰੈਲੀ ਕੱਢਣਗੇ। ਇਸਦੇ ਉਪਰੰਤ ਵਿਧਾਇਕ ਦਿਨੇਸ਼ ਚੱਢਾ ਦਾ ਪੁਤਲਾ ਫੂਕਿਆ ਜਾਵੇਗਾ। ਇਸਤੋਂ ਬਾਅਦ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਦੇਣਗੇ।
ਮੰਗਲਵਾਰ ਨੂੰ ਵੀ ਮੁਲਾਜ਼ਮ ਕਲਮ ਛੋੜ ਹੜਤਾਲ ’ਤੇ ਚਲੇ ਗਏ। ਮੁਲਾਜ਼ਮਾਂ ਦੀ ਹੜਤਾਲ ਕਾਰਨ ਰਜਿਸਟਰੀਆਂ ਤੋਂ ਲੈ ਕੇ ਸਰਟੀਫਿਕੇਟ, ਲਾਇਸੈਂਸ, ਆਰਸੀ ਆਦਿ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਸਰਕਾਰ ਦੇ ਖਜ਼ਾਨੇ ਨੂੰ ਵੀ ਹਰ ਰੋਜ਼ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਮੁਲਾਜ਼ਮ ਇਸ ਗੱਲ ’ਤੇ ਅੜੇ ਹੋਏ ਹਨ ਕਿ ਹਲਕਾ ਰੋਪੜ ਦੇ ਵਿਧਾਇਕ ਤਹਿਸੀਲ ਵਿੱਚ ਆ ਕੇ ਮੁਲਾਜ਼ਮਾਂ ਨਾਲ ਹੋਏ ਮਾੜੇ ਵਿਵਹਾਰ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣ।
ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਦਫ਼ਤਰਾਂ ਵਿੱਚ ਗੇੜੇ ਮਾਰ ਕੇ ਮੁਲਾਜ਼ਮਾਂ ਨੂੰ ਜ਼ਲੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰੋਪੜ ਦੇ ਵਿਧਾਇਕ ਨੇ ਜਿੱਥੇ ਮੁਲਾਜ਼ਮਾਂ ਨੂੰ ਜ਼ਲੀਲ ਕੀਤਾ, ਉੱਥੇ ਹੀ ਆਪਣੇ ਨਿੱਜੀ ਦਫ਼ਤਰ ਵਿੱਚ ਸਰਕਾਰੀ ਰਿਕਾਰਡ ਹਾਸਿਲ ਕਰਕੇ ਨਾਜਾਇਜ਼ ਕੰਮ ਵੀ ਕਰਵਾਇਆ ਹੈ। ਵਿਧਾਇਕ ਇਸ ਤਰ੍ਹਾਂ ਆਪਣੇ ਨਿੱਜੀ ਦਫ਼ਤਰਾਂ ਵਿੱਚ ਸਰਕਾਰ ਦਾ ਮਹੱਤਵਪੂਰਨ ਰਿਕਾਰਡ ਨਹੀਂ ਲੈ ਜਾ ਸਕਦੇ। ਤੇਜਿੰਦਰ ਨੇ ਦੱਸਿਆ ਕਿ ਅੱਜ ਡੀ.ਸੀ., ਐਸ.ਡੀ.ਐਮ., ਆਰ.ਟੀ.ਏ., ਤਹਿਸੀਲਾਂ ਵਿੱਚ ਕੰਮ ਕਰਦੇ ਸਟਾਫ਼ ਨੇ ਸਮੂਹਿਕ ਛੁੱਟੀ ਲੈ ਲਈ ਹੈ। ਸਾਰੇ ਮੁਲਾਜ਼ਮ ਅੱਜ ਰੋਪੜ ਵਿੱਚ ਰੋਸ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਦੀ ਨੀਂਦ ਨਹੀਂ ਉੱਡਦੀ ਅਤੇ ਆਪਣੇ ਵਿਧਾਇਕ ਨੂੰ ਮੁਆਫ਼ੀ ਨਹੀਂ ਮੰਗਦੀ ਉਦੋਂ ਤੱਕ ਦਫ਼ਤਰਾਂ ਵਿੱਚ ਕੰਮ ਬੰਦ ਰਹੇਗਾ। ਇਸ ਤੋਂ ਬਾਅਦ ਇੱਥੋਂ ਦੇ ਵੱਖ-ਵੱਖ ਚੌਕਾਂ ਵਿੱਚੋਂ ਦੀ ਲੰਘਦੇ ਹੋਏ ਹਲਕਾ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਦਾਅਵਾ ਕੀਤਾ ਹੈ ਕਿ ਅੱਜ ਵੀ ਸੂਬੇ ਵਿੱਚ ਮੁਕੰਮਲ ਹੜਤਾਲ ਰਹੇਗੀ। ਮਾਲ ਅਧਿਕਾਰੀਆਂ ਦੀ ਹੜਤਾਲ ਕਾਰਨ ਸੂਬੇ ਭਰ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਇੱਕ ਵੀ ਰਜਿਸਟਰੀ ਨਹੀਂ ਹੋਈ।