- ਅੰਤਰਰਾਸ਼ਟਰੀ
- No Comment
ਈਰਾਨ 49 ਹਜ਼ਾਰ ਕਰੋੜ ਦੇ ਬਦਲੇ 5 ਅਮਰੀਕੀ ਕੈਦੀਆਂ ਨੂੰ ਕਰੇਗਾ ਰਿਹਾਅ
ਈਰਾਨ ਵਿਚ ਕੈਦ ਅਮਰੀਕੀਆਂ ਦੇ ਪਰਿਵਾਰਕ ਮੈਂਬਰ ਲੰਬੇ ਸਮੇਂ ਤੋਂ ਬਿਡੇਨ ਸਰਕਾਰ ‘ਤੇ ਉਨ੍ਹਾਂ ਦੀ ਰਿਹਾਈ ਲਈ ਦਬਾਅ ਬਣਾ ਰਹੇ ਸਨ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਈਰਾਨ ਜਲਦ ਹੀ ਇਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰ ਸਕਦਾ ਹੈ।
ਈਰਾਨ ਨੇ ਅਮਰੀਕਾ ਨਾਲ ਇਕ ਵਡੀ ਡੀਲ ਕੀਤੀ ਹੈ। ਈਰਾਨ ਦੀ ਕੈਦ ਤੋਂ ਆਪਣੇ 5 ਨਾਗਰਿਕਾਂ ਦੀ ਰਿਹਾਈ ਦੇ ਬਦਲੇ ਅਮਰੀਕਾ ਨੇ ਇਕ ਸੌਦਾ ਕੀਤਾ ਹੈ। ਇਸ ਦੇ ਤਹਿਤ ਅਮਰੀਕਾ ਆਪਣੇ ਨਾਗਰਿਕਾਂ ਦੇ ਬਦਲੇ ਈਰਾਨ ਦੇ 49 ਹਜ਼ਾਰ ਕਰੋੜ ਰੁਪਏ ਜਾਰੀ ਕਰੇਗਾ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਸੌਦੇ ਦੇ ਤਹਿਤ ਈਰਾਨ ਨੇ ਅਮਰੀਕੀਆਂ ਨੂੰ ਆਪਣੀ ਬਦਨਾਮ ਏਵਿਨ ਜੇਲ ‘ਚੋਂ ਕੱਢ ਕੇ ਇਕ ਹੋਟਲ ‘ਚ ਸ਼ਿਫਟ ਕਰ ਦਿੱਤਾ ਹੈ।
ਈਰਾਨ ਵਿੱਚ ਅਮਰੀਕੀ-ਈਰਾਨੀ ਮੂਲ ਦੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਮੁੱਦਾ ਕਈ ਸਾਲਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਈਰਾਨ ਵਿਚ ਕੈਦ ਅਮਰੀਕੀਆਂ ਦੇ ਪਰਿਵਾਰਕ ਮੈਂਬਰ ਲੰਬੇ ਸਮੇਂ ਤੋਂ ਬਿਡੇਨ ਸਰਕਾਰ ‘ਤੇ ਉਨ੍ਹਾਂ ਦੀ ਰਿਹਾਈ ਲਈ ਦਬਾਅ ਬਣਾ ਰਹੇ ਸਨ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਈਰਾਨ ਜਲਦ ਹੀ ਇਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰ ਸਕਦਾ ਹੈ। ਫਿਲਹਾਲ ਉਨ੍ਹਾਂ ਨੂੰ 24 ਘੰਟਿਆਂ ਲਈ ਬੰਦੀ ਬਣਾ ਕੇ ਰੱਖਿਆ ਗਿਆ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ 49 ਹਜ਼ਾਰ ਕਰੋੜ ਰੁਪਏ ਸਿੱਧੇ ਈਰਾਨ ਨੂੰ ਨਹੀਂ ਦਿੱਤੇ ਜਾਣਗੇ। ਉਨ੍ਹਾਂ ਨੂੰ ਕਤਰ ਦੇ ਕੇਂਦਰੀ ਬੈਂਕ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ। ਅਮਰੀਕੀ ਪਾਬੰਦੀਆਂ ਨਾਲ ਜੂਝ ਰਹੀ ਈਰਾਨ ਦੀ ਅਰਥਵਿਵਸਥਾ ਲਈ 49,000 ਕਰੋੜ ਰੁਪਏ ਦੇ ਫੰਡ ਜਾਰੀ ਹੋਣ ਨਾਲ ਵੱਡੀ ਰਾਹਤ ਹੋਵੇਗੀ। ਅਮਰੀਕੀ ਪਾਬੰਦੀਆਂ ਕਾਰਨ ਈਰਾਨ ਦਾ 41 ਲੱਖ ਕਰੋੜ ਰੁਪਏ ਦਾ ਫੰਡ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸਿਆ ਹੋਇਆ ਹੈ।
ਇਸ ਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਸੌਦੇ ‘ਤੇ ਕਿਹਾ ਹੈ ਕਿ ਇਹ ਈਰਾਨ ‘ਚ ਕੈਦ ਲੋਕਾਂ ਦੇ ਪਰਿਵਾਰਾਂ ਲਈ ਇਕ ਡਰਾਉਣਾ ਸੁਪਨਾ ਖਤਮ ਕਰਨ ਵਰਗਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਲੋਕਾਂ ਨੂੰ ਪੂਰੀ ਤਰ੍ਹਾਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਈਰਾਨ ਨੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ‘ਚ ਲਿਆ ਸੀ।
ਇਸ ਡੀਲ ਤਹਿਤ ਅਮਰੀਕਾ ਆਪਣੀ ਜੇਲ ‘ਚ ਬੰਦ ਕੁਝ ਈਰਾਨੀ ਕੈਦੀਆਂ ਨੂੰ ਵੀ ਰਿਹਾਅ ਕਰ ਸਕਦਾ ਹੈ। ਈਰਾਨ ਅਤੇ ਅਮਰੀਕਾ ਵਿਚਾਲੇ ਇਕ-ਦੂਜੇ ਦੇ ਕੈਦੀਆਂ ਦੀ ਅਦਲਾ-ਬਦਲੀ ਦਾ ਇਹ ਸੌਦਾ ਅਜਿਹੇ ਸਮੇਂ ‘ਚ ਹੋ ਰਿਹਾ ਹੈ, ਜਦੋਂ ਖਾੜੀ ਦੇ ਹੋਰਮੁਜ਼ ਦੱਰੇ ‘ਚ ਤੇਲ ਟੈਂਕਰਾਂ ਦੀ ਆਵਾਜਾਈ ਨੂੰ ਲੈ ਕੇ ਦੋਵੇਂ ਆਪਸ ‘ਚ ਭਿੜ ਰਹੇ ਹਨ। ਅਮਰੀਕਾ ਨੇ ਈਰਾਨ ‘ਤੇ ਜਹਾਜ਼ਾਂ ਨੂੰ ਜ਼ਬਤ ਕਰਨ ਅਤੇ ਰੋਕਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਈਰਾਨ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ। ਈਰਾਨ ਮੁਤਾਬਕ ਉਸਨੂੰ ਅਦਾਲਤ ਤੋਂ ਟੈਂਕਰ ਜ਼ਬਤ ਕਰਨ ਦੇ ਹੁਕਮ ਮਿਲੇ ਸਨ। ਈਰਾਨ ਨੇ ਦਾਅਵਾ ਕੀਤਾ ਕਿ ਓਮਾਨ ਦੀ ਖਾੜੀ ਵਿੱਚ ਇੱਕ ਟੈਂਕਰ ਉਨ੍ਹਾਂ ਦੇ ਬੇੜੇ ਨਾਲ ਟਕਰਾ ਗਿਆ। ਇਸ ਕਾਰਨ ਜਹਾਜ਼ ‘ਚ ਸਵਾਰ 5 ਕਰੂ ਮੈਂਬਰ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟੈਂਕਰ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਸਨ।