- ਅੰਤਰਰਾਸ਼ਟਰੀ
- No Comment
ਚੀਨੀ ਨਾਗਰਿਕ ਸੈਲਾਨੀ ਬਣ ਅਮਰੀਕਾ ‘ਚ ਕਰਦੇ ਹਨ ਜਾਸੂਸੀ, ਰਿਪੋਰਟ ‘ਚ 100 ਤੋਂ ਵੱਧ ਮਾਮਲੇ ਆਏ ਸਾਹਮਣੇ
ਕੁਝ ਮਹੀਨੇ ਪਹਿਲਾਂ ਅਮਰੀਕਾ ਨੇ ਚੀਨ ਦੇ ਜਾਸੂਸ ਦੇ ਗੁਬਾਰੇ ਨੂੰ ਡੇਗ ਦਿੱਤਾ ਸੀ। ਫਿਰ ਚੀਨ ਨੇ ਆਪਣਾ ਮਲਬਾ ਵਾਪਸ ਮੰਗਦੇ ਹੋਏ ਇਸਨੂੰ ਮੌਸਮ ਦੀ ਜਾਣਕਾਰੀ ਵਾਲਾ ਉਪਗ੍ਰਹਿ ਦੱਸਿਆ ਸੀ।
ਅਮਰੀਕਾ ਨੇ ਖਦਸ਼ਾ ਜਤਾਇਆ ਹੈ ਕਿ ਚੀਨੀ ਜਾਸੂਸ ਉਨ੍ਹਾਂ ਦੇ ਦੇਸ਼ ਦੀ ਲਗਾਤਾਰ ਜਾਸੂਸੀ ਕਰ ਰਹੇ ਹਨ। ਅਮਰੀਕੀ ਅਖਬਾਰ ‘ਵਾਲ ਸਟਰੀਟ ਜਰਨਲ’ ਦੀ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ, ਕਿ ਹਾਲ ਹੀ ਦੇ ਸਾਲਾਂ ‘ਚ ਚੀਨੀ ਨਾਗਰਿਕਾਂ ਨੇ ਸੈਲਾਨੀਆਂ ਨੂੰ ਭੇਜ ਕੇ ਅਮਰੀਕਾ ‘ਚ ਜਾਸੂਸੀ ਕੀਤੀ ਹੈ। ਅਜਿਹੇ 100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਐਫਬੀਆਈ ਦੇ ਨਾਲ-ਨਾਲ ਰੱਖਿਆ ਵਿਭਾਗ ਵੀ ਅਲਰਟ ਮੋਡ ‘ਤੇ ਹੈ।
ਇਸ ਰਿਪੋਰਟ ‘ਚ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਕੁਝ ਮਹੀਨੇ ਪਹਿਲਾਂ ਅਮਰੀਕਾ ਨੇ ਚੀਨ ਦੇ ਜਾਸੂਸ ਦੇ ਗੁਬਾਰੇ ਨੂੰ ਡੇਗ ਦਿੱਤਾ ਸੀ। ਫਿਰ ਚੀਨ ਨੇ ਆਪਣਾ ਮਲਬਾ ਵਾਪਸ ਮੰਗਦੇ ਹੋਏ ਇਸ ਨੂੰ ਮੌਸਮ ਦੀ ਜਾਣਕਾਰੀ ਵਾਲਾ ਉਪਗ੍ਰਹਿ ਦੱਸਿਆ। ਰਿਪੋਰਟ ਮੁਤਾਬਕ ਚੀਨੀ ਨਾਗਰਿਕਾਂ ਦੀਆਂ ਵਧਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਐੱਫਬੀਆਈ ਅਤੇ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਦੇ ਅੰਤ ‘ਚ ਬੈਠਕ ਕੀਤੀ ਸੀ।
ਇਸ ਵਿੱਚ ਇਨ੍ਹਾਂ ਘਟਨਾਵਾਂ ਨਾਲ ਨਜਿੱਠਣ ਲਈ ਯੋਜਨਾ ਤਿਆਰ ਕੀਤੀ ਗਈ ਸੀ। ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਕਿ ਚੀਨੀ ਨਾਗਰਿਕਾਂ ਨੂੰ ਉਦੋਂ ਤੱਕ ਸੰਵੇਦਨਸ਼ੀਲ ਜ਼ੋਨਾਂ ਦੇ ਨੇੜੇ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ, ਜਦੋਂ ਤੱਕ ਸਹੀ ਦਸਤਾਵੇਜ਼ ਮੌਜੂਦ ਨਹੀਂ ਹੁੰਦੇ ਹਨ। ਇੰਨਾ ਹੀ ਨਹੀਂ ਚੀਨੀ ਨਾਗਰਿਕ ਮਿਲਟਰੀ ਠਿਕਾਣਿਆਂ ‘ਤੇ ਸਥਿਤ ਮੈਕਡੋਨਲਡ ਜਾਂ ਬਰਗਰ ਕਿੰਗ ਆਊਟਲੇਟ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕਰਦੇ ਹਨ। ਇੱਥੋਂ ਤੱਕ ਕਿ ਅਲਾਸਕਾ ਵਿੱਚ ਇੱਕ ਮਿਲਟਰੀ ਬੇਸ ‘ਤੇ ਇੱਕ ਗਾਰਡ ਨਾਲ ਉਸਦੀ ਝੜਪ ਵੀ ਹੋਈ ਸੀ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨੀ ਨਾਗਰਿਕ ਜ਼ਿਆਦਾਤਰ ਉਨ੍ਹਾਂ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਦੂਰ-ਦੁਰਾਡੇ ਇਲਾਕਿਆਂ ‘ਚ ਹਨ। 2 ਫਰਵਰੀ ਨੂੰ ਅਮਰੀਕਾ ਦੇ ਮੋਂਟਾਨਾ ਸ਼ਹਿਰ ‘ਚ ਚੀਨ ਦਾ ਜਾਸੂਸੀ ਗੁਬਾਰਾ ਦੇਖਿਆ ਗਿਆ ਸੀ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਅਮਰੀਕਾ ਨੇ 5 ਫਰਵਰੀ ਨੂੰ ਐੱਫ-22 ਲੜਾਕੂ ਜਹਾਜ਼ ਨਾਲ ਗੁਬਾਰੇ ਨੂੰ ਡੇਗ ਦਿੱਤਾ ਸੀ ਅਤੇ ਇਸ ਦਾ ਮਲਬਾ ਚੀਨ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਚੀਨ ਨਾਰਾਜ਼ ਹੋ ਗਿਆ ਸੀ। ਨਿਊਯਾਰਕ ਟਾਈਮਜ਼ ਮੁਤਾਬਕ ਖੁਫੀਆ ਏਜੰਸੀ ਨੇ ਇਹ ਵੀ ਕਿਹਾ ਸੀ ਕਿ ਚੀਨ ਜਾਸੂਸੀ ਗੁਬਾਰਿਆਂ ਰਾਹੀਂ ਦੁਨੀਆ ਭਰ ਦੇ ਦੇਸ਼ਾਂ ਦੇ ਫੌਜੀ ਟਿਕਾਣਿਆਂ ‘ਤੇ ਨਜ਼ਰ ਰੱਖ ਰਿਹਾ ਹੈ। ਚੀਨ ਪਿਛਲੇ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਹੈ ਅਤੇ ਹੁਣ ਤੱਕ ਪੰਜ ਮਹਾਂਦੀਪਾਂ ਦੇ 12 ਦੇਸ਼ਾਂ ਨੂੰ ਇਸੇ ਤਰ੍ਹਾਂ ਦੇ ਗੁਬਾਰੇ ਭੇਜ ਕੇ ਖੁਫੀਆ ਜਾਣਕਾਰੀ ਇਕੱਠੀ ਕਰ ਚੁੱਕਾ ਹੈ।