ਦਿੱਲੀ ‘ਚ ਸ਼ਰਮਨਾਕ ਘਟਨਾ : ਮੁੱਖ ਮੰਤਰੀ ਕੇਜਰੀਵਾਲ ਨੇ ਬਲਾਤਕਾਰ ਦੇ ਦੋਸ਼ੀ ਅਧਿਕਾਰੀ ਨੂੰ ਕੀਤਾ ਸਸਪੈਂਡ

ਦਿੱਲੀ ‘ਚ ਸ਼ਰਮਨਾਕ ਘਟਨਾ : ਮੁੱਖ ਮੰਤਰੀ ਕੇਜਰੀਵਾਲ ਨੇ ਬਲਾਤਕਾਰ ਦੇ ਦੋਸ਼ੀ ਅਧਿਕਾਰੀ ਨੂੰ ਕੀਤਾ ਸਸਪੈਂਡ

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਦਿੱਲੀ ਪੁਲਿਸ ਨੂੰ ਕਾਰਵਾਈ ਕਰਨ ਲਈ ਵੀ ਕਿਹਾ। ਸਵਾਤੀ ਮਾਲੀਵਾਲ ਨੇ ਅਧਿਕਾਰੀ ਦੀ ਜਲਦੀ ਗ੍ਰਿਫਤਾਰੀ ਦੀ ਅਪੀਲ ਕੀਤੀ ਸੀ।


ਦਿੱਲੀ ਤੋਂ ਇਕ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿਸਤੋ ਬਾਅਦ ਮੁੱਖਮੰਤਰੀ ਕੇਜਰੀਵਾਲ ਨੇ ਤੁਰੰਤ ਐਕਸ਼ਨ ਲਿਆ ਹੈ। ਦਿੱਲੀ ਸਰਕਾਰ ਦੇ ਇਕ ਅਧਿਕਾਰੀ ‘ਤੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਸ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਮੁੱਖ ਸਕੱਤਰ ਤੋਂ ਰਿਪੋਰਟ ਵੀ ਤਲਬ ਕੀਤੀ ਹੈ।

ਸੂਬਾ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ‘ਤੇ ਇਕ ਦੋਸਤ ਦੀ ਧੀ ਨਾਲ ਬਲਾਤਕਾਰ ਕਰਨ ਅਤੇ ਉਸਨੂੰ ਗਰਭਵਤੀ ਕਰਨ ਦਾ ਦੋਸ਼ ਸੀ। ਸੋਮਵਾਰ ਨੂੰ ਹੀ ਦਿੱਲੀ ਪੁਲਿਸ ਨੇ ਅਧਿਕਾਰੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ ਅਤੇ ਦੋਸ਼ੀ ਦੇ ਘਰ ਵੀ ਪਹੁੰਚੀ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਵੀ ਜਾਰੀ ਕੀਤਾ ਸੀ।

ਸਵਾਤੀ ਮਾਲੀਵਾਲ ਨੇ ਅਧਿਕਾਰੀ ਦੀ ਜਲਦੀ ਗ੍ਰਿਫਤਾਰੀ ਦੀ ਅਪੀਲ ਕੀਤੀ ਸੀ। ਇਸ ਪੂਰੇ ਮਾਮਲੇ ‘ਚ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਦਾ ਬਿਆਨ ਵੀ ਆਇਆ ਹੈ, ਉਨ੍ਹਾਂ ਕਿਹਾ ਹੈ ਕਿ ਅਧਿਕਾਰੀ ਨੇ ਘਟੀਆ ਕੰਮ ਕੀਤਾ ਹੈ। ਸਮਾਜ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹ ਘਟਨਾ ਹੈ, ਪੁਲਿਸ ਨੇ ਗ੍ਰਿਫਤਾਰੀ ਵਿੱਚ ਦੇਰੀ ਕਿਉਂ ਕੀਤੀ।


ਦਿੱਲੀ ਸਰਕਾਰ ਦੇ ਇਸ ਅਧਿਕਾਰੀ ‘ਤੇ ਆਪਣੇ ਦੋਸਤ ਦੀ ਧੀ ਨਾਲ ਲੰਬੇ ਸਮੇਂ ਤੱਕ ਬਲਾਤਕਾਰ ਕਰਨ ਦਾ ਦੋਸ਼ ਸੀ। ਅਕਤੂਬਰ 2020 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਨਾਬਾਲਗ ਲੜਕੀ ਦੋਸ਼ੀ ਅਧਿਕਾਰੀ ਦੇ ਘਰ ਰਹਿ ਰਹੀ ਸੀ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਨਵੰਬਰ 2020 ਤੋਂ ਜਨਵਰੀ 2021 ਤੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ, ਇੰਨਾ ਹੀ ਨਹੀਂ ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਅਧਿਕਾਰੀ ਦੀ ਪਤਨੀ ਨੇ ਉਸ ਨੂੰ ਗਰਭਪਾਤ ਕਰਨ ਲਈ ਜ਼ਬਰਦਸਤੀ ਦਵਾਈ ਦੇਣ ਦੀ ਕੋਸ਼ਿਸ਼ ਵੀ ਕੀਤੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਰਕਾਰ ਨੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਅਤੇ ਬਿਆਨ ਦਿੱਤਾ ਸੀ ਕਿ ਇਸ ਮਾਮਲੇ ‘ਚ ਕਾਨੂੰਨ ਆਪਣਾ ਕੰਮ ਕਰੇਗਾ। ਪੀੜਤ ਨਾਬਾਲਗ 12ਵੀਂ ਜਮਾਤ ‘ਚ ਪੜ੍ਹਦੀ ਹੈ, ਹਾਲ ਹੀ ‘ਚ ਉਸ ਨੇ ਹਸਪਤਾਲ ‘ਚ ਆਪਣੇ ਕਾਊਂਸਲਰ ਨੂੰ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ। ਦਿੱਲੀ ਸਰਕਾਰ ਦੇ ਅਧਿਕਾਰੀ ਖ਼ਿਲਾਫ਼ ਕਈ ਮਾਮਲਿਆਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।