ਸ਼ਾਹਰੁਖ ਖਾਨ ‘ਜਵਾਨ’ ਦੀ ਸਫਲਤਾ ਲਈ ਬੇਟੀ ਸੁਹਾਨਾ ਨਾਲ ਵੈਂਕਟੇਸ਼ਵਰ ਮੰਦਰ ਮੱਥਾ ਟੇਕਣ ਪਹੁੰਚੇ

ਸ਼ਾਹਰੁਖ ਖਾਨ ਪਿਛਲੇ ਦਿਨੀ ਜੰਮੂ ‘ਚ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਪਹੁੰਚੇ ਸਨ ਅਤੇ ਹੁਣ ਹਾਲ ਹੀ ‘ਚ ਉਹ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ‘ਚ ਪਹੁੰਚੇ ਹਨ।

ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ ‘ਜਵਾਨ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਐਟਲੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਮਤਲਬ ਹੁਣ ਸਿਰਫ 2 ਦਿਨ ਬਚੇ ਹਨ। ਅਜਿਹੇ ‘ਚ ਜਿਵੇਂ-ਜਿਵੇਂ ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਪ੍ਰਸ਼ੰਸਕਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ।

‘ਜਵਾਨ’ ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਆਪਣੀ ਫਿਲਮ ਦੀ ਪ੍ਰਮੋਸ਼ਨ ਅਤੇ ਫਿਲਮ ਦੀ ਸਫਲਤਾ ਲਈ ਭਗਵਾਨ ਦਾ ਆਸ਼ੀਰਵਾਦ ਲੈਣ ਮੰਦਰ ਜਾਂਦੇ ਵੀ ਨਜ਼ਰ ਆ ਰਹੇ ਹਨ। ਜਿੱਥੇ ਹਾਲ ਹੀ ‘ਚ ਉਹ ਜੰਮੂ ‘ਚ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਪਹੁੰਚੇ ਸਨ ਅਤੇ ਹੁਣ ਹਾਲ ਹੀ ‘ਚ ਉਹ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ‘ਚ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਅਤੇ ਜਵਾਨ ਦੀ ਕੋ-ਸਟਾਰ ਨਯਨਤਾਰਾ ਵੀ ਨਜ਼ਰ ਆਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦਾ ਤਿਰੂਪਤੀ ਪਹੁੰਚਣ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ‘ਚ ਕਿੰਗ ਖਾਨ ਆਪਣੀ ਟੀਮ ਨਾਲ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ 7 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ‘ਜਵਾਨ’ ਲਈ ਲੋਕਾਂ ਨੇ ਐਡਵਾਂਸ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ‘ਜਵਾਨ’ ਦੀ ਐਡਵਾਂਸ ਬੁਕਿੰਗ ਕਰੀਬ 40 ਕਰੋੜ ਤੱਕ ਪਹੁੰਚਣ ਦੇ ਰਾਹ ‘ਤੇ ਹੈ, ਜੋ ਬਾਲੀਵੁੱਡ ਫਿਲਮ ਇੰਡਸਟਰੀ ‘ਚ ਨਵਾਂ ਰਿਕਾਰਡ ਬਣਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਦੀਆਂ ਨਜ਼ਰਾਂ ‘ਜਵਾਨ’ ‘ਤੇ ਟਿਕੀਆਂ ਹੋਈਆਂ ਹਨ।

ਫਿਲਮ ਵਿੱਚ ਦੱਖਣ ਦੀ ਇੱਕ ਵੱਡੀ ਸਟਾਰ ਕਾਸਟ ਹੈ, ਜੋ ਇਸਨੂੰ ਪੂਰੇ ਭਾਰਤ ਵਿੱਚ ਹਿੱਟ ਬਣਾਉਣ ਵਿੱਚ ਮਦਦ ਕਰ ਸਕਦੀ ਹੈ। ਫਿਲਮ ‘ਚ ਸ਼ਾਹਰੁਖ ਖਾਨ ਡਬਲ ਰੋਲ ‘ਚ ਨਜ਼ਰ ਆਉਣਗੇ। ਉਹ ਪਿਓ-ਪੁੱਤ ਦੀ ਭੂਮਿਕਾ ‘ਚ ਹੈ। ਇਨ੍ਹਾਂ ‘ਚੋਂ ਪਿਤਾ ਕਪਤਾਨ ਹੈ, ਜਦਕਿ ਪੁੱਤਰ ਪੁਲਿਸ ਮੁਲਾਜ਼ਮ ਹੈ। ਫਿਲਮ ‘ਚ ਸ਼ਾਹਰੁਖ ਖਾਨ ਤੋਂ ਇਲਾਵਾ ਨਯਨਥਾਰਾ ਅਤੇ ਵਿਜੇ ਸੇਤੂਪਤੀ ਵੀ ਮੁੱਖ ਭੂਮਿਕਾਵਾਂ ‘ਚ ਹਨ। ਇਨ੍ਹਾਂ ਤੋਂ ਇਲਾਵਾ ਇਸ ਫਿਲਮ ‘ਚ ਸਾਨਿਆ ਮਲਹੋਤਰਾ, ਪ੍ਰਿਆਮਣੀ, ਸੁਨੀਲ ਗਰੋਵਰ ਵੀ ਨਜ਼ਰ ਆਉਣਗੇ। ‘ਜਵਾਨ’ ‘ਚ ਦੀਪਿਕਾ ਪਾਦੂਕੋਣ, ਥਲਪਤੀ ਵਿਜੇ ਅਤੇ ਸੰਜੇ ਦੱਤ ਨੇ ਕੈਮਿਓ ਰੋਲ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸਾਊਥ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਐਟਲੀ ਨੇ ਕੀਤਾ ਹੈ। ਫਿਲਮ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਤਹਿਤ ਬਣਾਈ ਗਈ ਹੈ।