ਅਮਰੀਕਾ : ਟੈਕਸਾਸ ਵਿਚ ਮਨੁੱਖੀ ਤਸਕਰੀ ਦੇ ਇਰਾਦੇ ਨਾਲ ਘਰ ਵਿਚ ਕੈਦ ਮਿਲੇ 91 ਲੋਕ

ਅਮਰੀਕਾ : ਟੈਕਸਾਸ ਵਿਚ ਮਨੁੱਖੀ ਤਸਕਰੀ ਦੇ ਇਰਾਦੇ ਨਾਲ ਘਰ ਵਿਚ ਕੈਦ ਮਿਲੇ 91 ਲੋਕ

ਹਿਊਸਟਨ, 3 ਮਈ, ਹ.ਬ. : ਅਮਰੀਕਾ ਦੇ ਟੈਕਸਾਸ ਸੂਬੇ ਵਿਚ ਮਨੁੱਖੀ ਤਸਕਰੀ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਖਣ-ਪੱਛਮ ਹਿਊਸਟਨ ਵਿਚ ਸਥਿਤ ਦੋ ਮੰਜ਼ਿਲਾ ਘਰ ਵਿਚ 91 ਲੋਕ ਕੈਦ ਕੀਤੇ ਹੋਏ ਮਿਲੇ। ਇਨ੍ਹਾਂ ਵਿਚੋਂ ਪੰਜ ਕੋਰੋਨਾ ਪਾਜ਼ੀਟਿਵ ਵੀ ਹਨ। ਪੁਲਿਸ ਨੇ ਸ਼ੁੱਕਰਵਾਰ ਨੂੰ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਹੀ ਸਰਚ ਵਾਰੰਟ ਵੀ ਜਾਰੀ ਹੋਇਆ ਸੀ। ਘਰ ਵਿਚ ਬੰਦ ਮਿਲੇ ਲੋਕਾਂ ਦੀ ਉਮਰ ਘੱਟ ਤੋਂ ਘੱਟ 20 ਸਾਲ ਜਾਂ ਇਸ ਤੋਂ ਜ਼ਿਆਦਾ ਹਨ। 91 ਲੋਕਾਂ ਵਿਚੋਂ ਪੰਜ ਔਰਤਾਂ ਹਨ ਅਤੇ ਬਾਕੀ ਸਾਰੇ ਮਰਦ ਹਨ। ਸਾਰੇ ਪੀੜਤਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਲੋਕ ਪਰਵਾਸੀ ਵੀ ਹੋ ਸਕਦੇ ਹਨ। ਪੀੜਤਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਾਰੇ ਭੁੱਖੇ ਹਨ। ਕੋਰੋਨਾ ਜਾਂਚ ਤੋਂ ਪੰਜ ਲੋਕ ਪਾਜ਼ੀਟਿਵ ਪਾਏ ਗਏ ਹਨ। ਪੁਲਿਸ ਮੁਤਾਬਕ, ਇਨ੍ਹਾਂ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਬੰਨਿ੍ਹਆ ਨਹੀਂ ਗਿਆ ਸੀ ਅਤੇ ਨਾ ਹੀ ਕੋਈ ਹਥਿਆਰ ਮਿਲਿਆ ਹੈ।