ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਚੌਥਾ ਗੀਤ ‘ਚੋਰਨੀ’ ਅਗਲੇ ਹਫਤੇ ਹੋਵੇਗਾ ਰਿਲੀਜ਼

ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਚੌਥਾ ਗੀਤ ‘ਚੋਰਨੀ’ ਅਗਲੇ ਹਫਤੇ ਹੋਵੇਗਾ ਰਿਲੀਜ਼

ਰੈਪਰ ਡਿਵਾਇਨ ਨੇ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਉਨ੍ਹਾਂ ਨੇ ਮੂਸੇਵਾਲਾ ਨਾਲ ਆਪਣੀ ਫੋਟੋ ਵੀ ਸ਼ੇਅਰ ਕੀਤੀ ਹੈ।


ਸਿੱਧੂ ਮੂਸੇਵਾਲਾ ਦੇ ਫ਼ੈਨ ਲਗਾਤਾਰ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਚੌਥਾ ਗੀਤ ‘ਚੋਰਨੀ’ ਅਗਲੇ ਹਫਤੇ ਰਿਲੀਜ਼ ਹੋਵੇਗਾ। ਰੈਪਰ ਡਿਵਾਇਨ ਨੇ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਉਸਨੇ ਲਿਖਿਆ- “ਦਿਲ ਸੇ..ਯੇ ਸਪੈਸ਼ਲ ਗੀਤ ਹੈ ਮੇਰੇ ਲਈ।” ਉਨ੍ਹਾਂ ਨੇ ਮੂਸੇਵਾਲਾ ਨਾਲ ਆਪਣੀ ਫੋਟੋ ਵੀ ਸ਼ੇਅਰ ਕੀਤੀ ਹੈ।

ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ, ਵਾਰ ਅਤੇ ‘ਮੇਰਾ ਨਾਂ’ ਪ੍ਰਸ਼ੰਸਕਾਂ ਦੇ ਵਿਚਕਾਰ ਆ ਗਏ ਹਨ। ਵਿਵਾਦਾਂ ‘ਚ ਘਿਰ ਜਾਣ ਤੋਂ ਬਾਅਦ ਸਰਕਾਰ ਨੇ SYL ਗੀਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੂਸੇਵਾਲਾ ਦਾ ਤੀਜਾ ਗੀਤ ‘ਮੇਰਾ ਨਾਂ’ 7 ਅਪ੍ਰੈਲ 2023 ਨੂੰ ਲਾਂਚ ਹੋਇਆ ਸੀ। ਜਿਸ ਨੂੰ ਇੱਕ ਘੰਟੇ ਵਿੱਚ 20 ਲੱਖ ਵਿਊਜ਼ ਮਿਲੇ ਅਤੇ ਗੀਤ ਨੂੰ 7 ਲੱਖ ਲੋਕਾਂ ਨੇ ਪਸੰਦ ਕੀਤਾ ਅਤੇ 1.5 ਲੱਖ ਕਮੈਂਟਸ ਆਏ ਸਨ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੁਆਰਾ ਬੋਲ ਦਿੱਤੇ ਗਏ ਸਨ।

ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੂਸੇਵਾਲਾ ਦੇ 40 ਤੋਂ 45 ਗੀਤ ਪੈਂਡਿੰਗ ਹਨ, ਜਿਨ੍ਹਾਂ ਨੂੰ ਹੌਲੀ-ਹੌਲੀ ਉਸ ਦੇ ਪ੍ਰਸ਼ੰਸਕਾਂ ਵਿਚਕਾਰ ਲਿਆਂਦਾ ਜਾਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 23 ਜੂਨ ਨੂੰ SYL ਗੀਤ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਗੀਤ ਨੂੰ 72 ਘੰਟਿਆਂ ਵਿੱਚ 27 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। SYL ਮੁੱਦਾ ਅਜੇ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਬਿਨਾਂ ਗੰਨਮੈਨ ਦੇ ਦੋ ਦੋਸਤਾਂ ਨਾਲ ਥਾਰ ਜੀਪ ਵਿੱਚ ਜਾ ਰਿਹਾ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕਰਕੇ ਦੋ ਗੰਨਮੈਨ ਵਾਪਸ ਲੈ ਲਏ ਸਨ। ਇਸ ਕਤਲੇਆਮ ਦੀ ਜ਼ਿੰਮੇਵਾਰੀ ਅਮਰੀਕਾ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਨੇ ਲਈ ਸੀ।