ਜਾਪਾਨੀ ਵਫ਼ਦ ਪਹੁੰਚਿਆ ਪਵਿੱਤਰ ਕਾਲੀ ਵੇਈਂ, ਚਾਰ ਘੰਟੇ ਪਾਠ ਕੀਤਾ, ਕਿਹਾ-ਬਾਬਾ ਨਾਨਕ ਦੀ ਧਰਤੀ ‘ਤੇ ਆਉਣਾ ਸਾਡੇ ਲਈ ਵੱਡੀ ਪ੍ਰਾਪਤੀ

ਜਾਪਾਨੀ ਵਫ਼ਦ ਪਹੁੰਚਿਆ ਪਵਿੱਤਰ ਕਾਲੀ ਵੇਈਂ, ਚਾਰ ਘੰਟੇ ਪਾਠ ਕੀਤਾ, ਕਿਹਾ-ਬਾਬਾ ਨਾਨਕ ਦੀ ਧਰਤੀ ‘ਤੇ ਆਉਣਾ ਸਾਡੇ ਲਈ ਵੱਡੀ ਪ੍ਰਾਪਤੀ

ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਜਾਪਾਨੀ ਵਫ਼ਦ ਨੇ ਕਿਹਾ ਕਿ ਜਾਪਾਨ ਅਗਸਤ ਦੇ ਮਹੀਨੇ ਨੂੰ ਕਦੇ ਨਹੀਂ ਭੁੱਲੇਗਾ, ਜਦੋਂ ਉਸਦੇ ਦੋ ਵੱਡੇ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ੀਮਾ ‘ਤੇ ਪ੍ਰਮਾਣੂ ਬੰਬ ਸੁੱਟੇ ਗਏ ਸਨ।


ਜਾਪਾਨ ਦਾ ਇਕ ਵਫ਼ਦ ਅੱਜ ਕਲ ਪੰਜਾਬ ਦੌਰੇ ‘ਤੇ ਹੈ। ਜਾਪਾਨ ਤੋਂ ਆਏ 31 ਮੈਂਬਰੀ ਵਫ਼ਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ-ਸਪਰਸ਼ ਵੇਈਂ ਦਾ ਦੌਰਾ ਕੀਤਾ ਅਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਜਦੋਂ ਜਾਪਾਨੀ ਵਫ਼ਦ ਨੂੰ ਇਸ ਇਤਿਹਾਸਕ ਸਥਾਨ ‘ਤੇ ਵੱਡੇ ਪੱਧਰ ‘ਤੇ ਪ੍ਰਦੂਸ਼ਣ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਜਾਪਾਨੀ ਵਫ਼ਦ ਇਸ ਗੱਲ ‘ਤੇ ਵੀ ਦੰਗ ਰਹਿ ਗਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਮਰੇ ਹੋਏ ਦਰਿਆ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੇ ਵਾਤਾਵਰਨ ਪ੍ਰਤੀ ਵੱਡੀ ਪੱਧਰ ‘ਤੇ ਜਾਗਰੂਕਤਾ ਪੈਦਾ ਕੀਤੀ।

ਵਫ਼ਦ ਨੇ ਸਿੱਖ ਇਤਿਹਾਸ, ਨਿਰਮਲੇ ਪੰਥ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਬਾਰੇ ਜਾਣਨ ਲਈ ਪਵਿੱਤਰ ਵੇਈਂ ਦੇ ਕੰਢੇ ਚਾਰ ਘੰਟੇ ਬਿਤਾਏ। ਜਾਪਾਨੀ ਵਫ਼ਦ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ। ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਜਾਪਾਨੀ ਵਫ਼ਦ ਨੇ ਕਿਹਾ ਕਿ ਜਾਪਾਨ ਅਗਸਤ ਦੇ ਮਹੀਨੇ ਨੂੰ ਕਦੇ ਨਹੀਂ ਭੁੱਲੇਗਾ, ਜਦੋਂ ਉਸ ਦੇ ਦੋ ਵੱਡੇ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ੀਮਾ ‘ਤੇ ਪ੍ਰਮਾਣੂ ਬੰਬ ਸੁੱਟੇ ਗਏ ਸਨ। ਇਨ੍ਹਾਂ ਬੰਬਾਂ ਨੇ ਜਾਪਾਨ ਵਿਚ ਭਾਰੀ ਤਬਾਹੀ ਮਚਾਈ ਸੀ।

ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਵਿੱਚ ਆ ਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਇੱਥੋਂ ਹੀ ਸਰਬੱਤ ਦੇ ਭਲੇ ਦਾ ਸੰਦੇਸ਼ ਸਾਰੀ ਦੁਨੀਆ ਨੂੰ ਦਿੱਤਾ ਗਿਆ। ਪੰਜਾਬ ਵੀ ਇਸੇ ਸੰਦੇਸ਼ ਦੀ ਪਾਲਣਾ ਕਰ ਰਿਹਾ ਹੈ। ਵਫ਼ਦ ਦਾ ਸਵਾਗਤ ਕਰਦਿਆਂ ਸੰਤ ਸੁਖਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸੇ ਲਈ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹਾਂ ਦੌਰਾਨ ਟੁੱਟੇ ਬੰਨ੍ਹਾਂ ਦੀ ਮੁਰੰਮਤ ਲਈ ਦਿਨ-ਰਾਤ ਕੰਮ ਕਰ ਰਹੇ ਹਨ।

ਯੋਗੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਇਹ ਜੱਥਾ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ। ਇੱਥੇ ਉਨ੍ਹਾਂ ਨੇ ਵੇਈਂ, ਦੇ ਕੰਢੇ ਪਾਠ ਅਤੇ ਕੀਰਤਨ ਕੀਤਾ। ਇਸਦੇ ਉਪਰੰਤ ਯੋਗੀ ਅਮਨਦੀਪ ਨੇ ਸਮੂਹ ਸੰਗਤਾਂ ਨੂੰ ਵੇਈਂ ਦੇ ਇਤਿਹਾਸ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਸੰਤ ਸੀਚੇਵਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਕੁਦਰਤ ਦੀ ਸੰਭਾਲ ਸਦਕਾ ਇੱਥੇ ਆ ਕੇ ਰੂਹਾਨੀਅਤ ਦਾ ਅਨੁਭਵ ਹੁੰਦਾ ਹੈ। ਇਸ ਤੋਂ ਬਾਅਦ ਆਏ ਸਮੂਹ ਦਾ ਸਨਮਾਨ ਕੀਤਾ ਗਿਆ। ਸਮੂਹ ਸੰਗਤ ਨੇ ਪਵਿੱਤਰ ਵੇਈਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ।